ਅਰਸ਼ਦੀਪ ਸਿੰਘ, ਮਲਸੀਆਂ : ਅੱਜ ਲੋਹੀਆਂ ਰੋਡ ਮਲਸੀਆਂ ਵਿਖੇ ਅਚਾਨਕ ਇੱਕ ਮਿਕਸਰ ਟਾਟਾ - 407 ਨਾਲੋਂ ਖੁੱਲ੍ਹ ਕੇ ਮਲਸੀਆਂ ਵੱਲੋਂ ਆ ਰਹੀ ਟਾਟਾ ਇੰਡੀਕਾ ਕਾਰ ਦੇ ਅੱਗੇ ਆ ਗਿਆ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਚਾਲਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਕਾਰ ਦੇ ਅੱਗੇ ਚੱਲ ਰਿਹਾ ਮੈਸਟਰੋ ਸਕੂਟੀ ਚਾਲਕ ਅਤੇ ਇੱਕ ਮੋਟਰ ਸਾਈਕਲ ਸਵਾਰ ਵੀ ਕਾਰ ਦੀ ਲਪੇਟ 'ਚ ਆਉਣ ਕਾਰਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਇਸ ਸਬੰਧੀ ਪੁਲਿਸ ਚੌਕੀ ਮਲਸੀਆਂ ਦੇ ਇੰਚਾਰਜ ਸੰਜੀਵਨ ਸਿੰਘ ਨੇ ਦੱਸਿਆ ਕਿ ਟਾਟਾ ਇੰਡੀਕਾ ਕਾਰ ਜਿਸ ਨੂੰ ਸੰਦੀਪ ਸਿੰਘ ਉਰਫ ਸੰਨੀ ਵਾਸੀ ਬਿਲਗਾ ਚਲਾ ਰਿਹਾ ਸੀ, ਮਲਸੀਆਂ ਵੱਲੋਂ ਲੋਹੀਆਂ ਵੱਲ ਜਾ ਰਹੀ ਸੀ। ਜਦਕਿ ਦੂਜੇ ਪਾਸੇ ਇੱਕ ਟਾਟਾ - 407 ਗੱਡੀ ਆ ਰਹੀ ਸੀ, ਦੇ ਪਿਛੇ ਇੱਕ ਮਿਕਸਚਰ ਨੂੰ ਹੁੱਕ ਨਾਲ ਜੋੜਿਆ ਹੋਇਆ ਸੀ ਅਤੇ ਇਸ ਨੂੰ ਦਿਲਬਾਗ ਸਿੰਘ ਵਾਸੀ ਵੇਰਕਾ ਚਲਾ ਰਿਹਾ ਸੀ। ਟਾਟਾ - 407 ਦੇ ਪਿਿਛਉਂ ਅਚਾਨਕ ਮਿਕਸਚਰ ਖੁੱਲ੍ਹ ਕੇ ਕਾਰ ਅੱਗੇ ਆ ਗਿਆ। ਇਸ ਦੌਰਾਨ ਇੱਕ ਮੈਸਟਰੋ ਸਕੂਟੀ ਅਤੇ ਇੱਕ ਮੋਟਰ ਸਾਈਕਲ ਵੀ ਕਾਰ ਅਤੇ ਮਿਕਸਚਰ ਦੀ ਲਪੇਟ 'ਚ ਆ ਗਏ। ਕਾਰ ਚਾਲਕ ਸੰਦੀਪ ਸਿੰਘ, ਸਕੂਟੀ ਚਾਲਕ ਤੇਜਾ ਸਿੰਘ ਵਾਸੀ ਮੱਲ੍ਹੀਵਾਲ ਅਤੇ ਮੋਟਰ ਸਾਈਕਲ ਸਵਾਰ ਅਮਨਪ੍ਰਰੀਤ ਸਿੰਘ ਵਾਸੀ ਪਿੰਡ ਮਹਿੰਮੂਵਾਲ ਯੂਸਫਪੁਰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ। ਤਿੰਨੋਂ ਵਿਅਕਤੀ ਨਕੋਦਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਘਟਨਾ ਦੀ ਤਫਤੀਸ਼ ਕਰ ਰਹੀ ਹੈ।