ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰਬਰ ਦੋ ਦੀ ਹੱਦ ਵਿਚ ਪੈਂਦੇ ਗਾਂਧੀ ਕੈਂਪ ਵਿਚ ਪੁਰਾਣੀ ਰੰਜਿਸ਼ ਕਾਰਨ ਕੁਝ ਹਥਿਆਰਬੰਦ ਨੌਜਵਾਨਾਂ ਨੇ ਇਕ ਘਰ ਵਿਚ ਵੜ ਕੇ ਇਕ ਅੌਰਤ ਸਮੇਤ ਤਿੰਨ ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਵਿਅਕਤੀ ਜਦ ਹਸਪਤਾਲ ਜਾ ਰਹੇ ਸਨ ਤਾਂ ਰਸਤੇ ਵਿਚ ਫਿਰ ਹਥਿਆਰਬੰਦ ਨੌਜਵਾਨਾਂ ਨੇ ਉਨ੍ਹਾਂ ਉੱਪਰ ਹਮਲਾ ਕਰ ਕੇ ਉਨ੍ਹਾਂ ਨੂੰ ਹੋਰ ਸੱਟਾਂ ਮਾਰੀਆਂ। ਜ਼ਖ਼ਮੀ ਹਾਲਤ ਵਿਚ ਤਿੰਨਾਂ ਨੂੰ ਲੋਕਾਂ ਨੇ ਸਿਵਲ ਹਸਪਤਾਲ ਵਿਚ ਪਹੁੰਚਾਇਆ।

ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਸਾਗਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦਾ ਗੋਰਾ ਗਿੱਲ ਨਾਂ ਦੇ ਨੌਜਵਾਨ ਨਾਲ ਝਗੜਾ ਹੋ ਗਿਆ ਸੀ ਜਿਸ ਦਾ ਵੀਰਵਾਰ ਹੀ ਰਾਜੀਨਾਮਾ ਹੋਇਆ ਸੀ। ਸ਼ੁੱਕਰਵਾਰ ਸ਼ਾਮ ਉਹ ਆਪਣੇ ਘਰ ਵਿਚ ਬੈਠਾ ਸੀ ਕਿ ਗੋਰਾ ਗਿੱਲ ਆਪਣੇ ਪੰਜ-ਛੇ ਸਾਥੀਆਂ ਨਾਲ ਉਨ੍ਹਾਂ ਦੇ ਘਰ ਆਇਆ ਤੇ ਉਸ ਉੱਪਰ ਤੇਜ਼ਧਾਰ ਹਥਿਆਰਾਂ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਨੂੰ ਬਚਾਉਣ ਆਏ ਉਸ ਦੇ ਪਿਤਾ ਗੁਰਬਖਸ਼ ਲਾਲ ਤੇ ਮਾਤਾ ਮਨਜੀਤ ਕੌਰ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ। ਉਸ ਨੇ ਦੱਸਿਆ ਕਿ ਹਮਲੇ ਦੌਰਾਨ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ਦੇ ਘਰ 'ਤੇ ਇੱਟਾਂ ਮਾਰੀਆਂ ਤੇ ਸਰੇਆਮ ਤਲਵਾਰਾਂ ਲਹਿਰਾਈਆਂ। ਰੌਲਾ ਸੁਣ ਕੇ ਜਦ ਮੁਹੱਲੇ ਵਾਲੇ ਇਕੱਠੇ ਹੋਣ ਲੱਗੇ ਤਾਂ ਹਮਲਾਵਰ ਉੱਥੋਂ ਭੱਜ ਗਏ। ਜਦ ਉਹ ਤਿੰਨੇ ਸਿਵਲ ਹਸਪਤਾਲ ਜਾ ਰਹੇ ਸਨ ਤਾਂ ਰਸਤੇ ਵਿਚ ਵਰਕਸ਼ਾਪ ਚੌਕ ਨੇੜੇ ਗੋਰਾ ਗਿੱਲ ਫਿਰ ਆਪਣੇ ਸਾਥੀਆਂ ਨਾਲ ਪਹੁੰਚ ਗਿਆ ਤੇ ਉਨ੍ਹਾਂ ਉੱਪਰ ਫਿਰ ਹਮਲਾ ਕਰ ਦਿੱਤਾ। ਜਦ ਰਾਹ ਜਾਂਦੇ ਲੋਕ ਇਕੱਠਾ ਹੋਣਾ ਸ਼ੁਰੂ ਹੋਏ ਤਾਂ ਹਮਲਾਵਰ ਉੱਥੋਂ ਭੱਜ ਗਏ। ਲੋਕਾਂ ਨੇ ਤਿੰਨਾਂ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਪਹੁੰਚਾਇਆ। ਘਟਨਾ ਦੀ ਸੂਚਨਾ ਥਾਣਾ ਨੰਬਰ ਦੋ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਥਾਣਾ ਨੰਬਰ ਦੋ ਦੇ ਇੰਚਾਰਜ ਕਮਲਜੀਤ ਸਿੰਘ ਬੱਲ ਨੇ ਦੱਸਿਆ ਕਿ ਜ਼ਖ਼ਮੀਆਂ ਦੀਆਂ ਐੱਮਐੱਲਆਰ ਕੱਟਵਾਈਆਂ ਗਈਆਂ ਹਨ ਤੇ ਬਿਆਨ ਦਰਜ ਕਰ ਲਏ ਗਏ ਹਨ। ਮਾਮਲਾ ਦਰਜ ਕਰ ਕੇ ਹਮਲਾਵਰਾਂ ਨੂੰ ਛੇਤੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ।