ਮਦਨ ਭਾਰਦਵਾਜ, ਜਲੰਧਰ : ਨਗਰ ਨਿਗਮ ਦੇ ਤਿੰਨ ਅਧਿਕਾਰੀ ਕੋਰੋਨਾ ਟੈਸਟ ਦੌਰਾਨ ਪਾਜ਼ੇਟਿਵ ਪਾਏ ਗਏ ਜਦੋਂਕਿ 14 ਦੀ ਨੈਗੇਟਿਵ ਰਿਪੋਰਟ ਆਈ ਹੈ। ਇਸ ਸਬੰਧੀ ਨਗਰ ਨਿਗਮ ਦੇ ਸਹਾਇਕ ਸਿਹਤ ਅਧਿਕਾਰੀ ਡਾਕਟਰ ਰਾਜ ਕਮਲ ਅਨੁਸਾਰ ਜਿਹੜੇ 3 ਅਧਿਕਾਰੀ ਕੋਰੋਨਾ ਪਾਜ਼ੇਟਿਵ ਆਏ ਹਨ। ਉਨ੍ਹਾਂ ਵਿਚ ਨਿਗਮ ਦਾ ਡਿਪਟੀ ਕੰਟਰੋਲਰ ਆਫ ਫਾਈਨਾਂਸ ਰਵਿੰਦਰ ਸਿੰਘ, ਰਾਜੀਵ ਸੋਬਤੀ ਤੇ ਅਮਿਤ ਸ਼ਰਮਾ ਸ਼ਾਮਿਲ ਹਨ। ਜ਼ਿਲਾ ਸਿਹਤ ਵਿਭਾਗ ਦੀ ਟੀਮ ਨੇ ਬੀਤੇ ਸ਼ੁੱਕਰਵਾਰ 7 ਅਗਸਤ ਨੂੰ ਨਗਰ ਨਿਗਮ ਦੀ ਲੀਗਲ ਤੇ ਅਕਾਉਂਟਸ ਬਰਾਂਚ ਦੇ 17 ਕਰਮਚਾਰੀਆਂ ਦੇ ਕੋਰੋਨਾ ਟੈਸਟ ਉਸ ਸਮੇਂ ਲਏ ਸਨ ਜਦੋਂ ਲੀਗਲ ਬਰਾਂਚ ਦਾ ਇਕ ਜੁਨੀਅਰ ਸਹਾਇਕ ਸੁਨੀਲ ਕੁਮਾਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਤੇ ਉਹ ਇਕ ਦਿਨ ਦਫਤਰ ਆਇਆ ਸੀ ਤੇ ਆਪਣੀ ਬਰਾਂਚ ਤੋਂ ਇਲਾਵਾ ਅਕਾਉਂਟਸ ਬਰਾਂਚ ਦੇ ਉਕਤ ਅਧਿਕਾਰੀਆਂ ਨੂੰ ਮਿਲਿਆ ਸੀ। ਇਹ ਵਰਨਣਯੋਗ ਹੈ ਕਿ ਇਹ ਤੀਜਾ ਮੌਕਾ ਹੈ ਕਿ ਨਗਰ ਨਿਗਮ 'ਚ ਕੋਰੋਨਾ ਆਇਆ ਤੇ ਉਸ ਦੇ ਕਰਮਚਾਰੀ ਪਾਜ਼ੇਟਿਵ ਪਾਏ ਗਏ। ਇਸ ਤੋਂ ਪਹਿਲਾਂ ਮੇਅਰ ਦੇ ਓਐੱਸਡੀ ਹਰਪ੍ਰਰੀਤ ਸਿੰਘ ਵਾਲੀਆ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਤੇ ਉਸ ਦੇ ਬਾਅਦ ਹੈਲਥ ਬਰਾਂਚ ਦੇ 6 ਕਰਮਚਾਰੀ ਪਾਜ਼ੇਟਿਵ ਪਾਏ ਗਏ ਸਨ ਤੇ ਉਨ੍ਹਾਂ ਨੂੰ 14-14 ਦਿਨ ਸਿਵਲ ਹਸਪਤਾਲ ਵਿਚ ਰੱਖਿਆ ਗਿਆ ਸੀ ਤੇ ਉਨ੍ਹਾਂ ਦੇ ਮੁੜ ਟੈਸਟ ਹੋਣ ਅਤੇ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਹੀ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਸੀ।