ਰਾਕੇਸ਼ ਗਾਂਧੀ, ਜਲੰਧਰ : ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਪਿਛਲੇ ਦਿਨੀਂ ਨਿਊ ਉਪਕਾਰ ਨਗਰ ਵਿਚ ਹੋਈ ਇਕ ਚੋਰੀ ਦੀ ਵਾਰਦਾਤ ਨੂੰ ਹੱਲ ਕਰਦੇ ਹੋਏ ਮੁਹੱਲੇ ਵਿਚ ਹੀ ਰਹਿਣ ਵਾਲੇ ਮਾਸਟਰਮਾਈਂਡ ਅਤੇ ਉਸ ਦੇ ਦੋ ਸਾਥੀਆਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਵੀ ਬਰਾਮਦ ਕਰ ਲਏ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਜੀਵ ਠਾਕੁਰ ਵਾਸੀ ਨਿਊ ਉਪਕਾਰ ਨਗਰ ਨੇ 22 ਨਵੰਬਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਘਰ ਨੂੰ ਤਾਲਾ ਲਾ ਕੇ ਬਾਹਰ ਗਏ ਸਨ। ਜਦ ਘਰ ਪਰਤੇ ਤਾਂ ਘਰ ਦੇ ਤਾਲੇ ਟੁੱਟੇ ਪਏ ਸਨ ਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰ ਘਰ ਵਿਚੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਕੇ ਲੈ ਗਏ ਸਨ। ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਰਾਜੀਵ ਠਾਕੁਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਪਕਾਰ ਨਗਰ ਵਿਚ ਰਹਿਣ ਵਾਲਾ ਨਿਖਿਲ ਸ਼ਰਮਾ ਉਰਫ ਕਰਨ ਉਰਫ਼ ਕੰਨੂ ਨੇ ਉਕਤ ਘਰ 'ਚ ਚੋਰੀ ਕੀਤੀ ਹੈ ਅਤੇ ਇਸ ਵਿਚ ਉਸ ਦੇ ਸਾਥੀ ਸਤਨਾਮ ਸਿੰਘ ਉਰਫ ਸੁੱਚਾ ਵਾਸੀ ਲੰਮਾ ਪਿੰਡ ਅਤੇ ਅਜੇ ਕੁਮਾਰ ਉਰਫ ਗੋਰਾ ਵਾਸੀ ਨੀਲਾਮਹਿਲ ਸ਼ਾਮਲ ਸਨ। ਪੁਲਿਸ ਨੇ ਤਿੰਨਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਰਾਜੀਵ ਠਾਕੁਰ ਦੇ ਘਰੋਂ ਚੋਰੀ ਹੋਇਆ ਸਾਰਾ ਸਾਮਾਨ ਬਰਾਮਦ ਕਰ ਲਿਆ, ਜਿਸ ਵਿਚ ਤਿੰਨ ਸੋਨੇ ਦੇ ਹਾਰ, ਚਾਰ ਜੋੜੀ ਸੋਨੇ ਦੇ ਟਾਪਸ, ਇਕ ਸੋਨੇ ਦਾ ਟਿੱਕਾ, ਦੋ ਸੋਨੇ ਦੀਆਂ ਚੇਨਾਂ ਅਤੇ ਇਕ ਬ੍ਰੈਸਲੇਟ ਸ਼ਾਮਲ ਹੈ। ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਵਿਚੋਂ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਚੋਰੀ ਦੇ ਹੋਰ ਵੀ ਮਾਮਲੇ ਹੱਲ ਹੋਣਗੇ।

----------

ਸਤਨਾਮ ਸਿੰਘ ਸੁੱਚਾ ਕਤਲ ਕੇਸ 'ਚ ਕੱਟ ਚੁੱਕੈ ਸਜ਼ਾ

ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਕਾਜ਼ੀ ਮੰਡੀ ਵਿਚ 2010 ਵਿਚ ਇਕ ਕਤਲ ਹੋਇਆ ਸੀ, ਜਿਸ ਮਾਮਲੇ ਵਿਚ ਸਤਨਾਮ ਸਿੰਘ ਉਰਫ ਸੁੱਚਾ ਜੇਲ੍ਹ ਵਿਚ ਪੰਜ ਸਾਲ ਦੀ ਸਜ਼ਾ ਕੱਟ ਕੇ ਜੇਲ੍ਹ 'ਚੋਂ ਬਾਹਰ ਆਇਆ ਸੀ। ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਉਹ ਫਿਰ ਤੋਂ ਆਪਣੇ ਸਾਥੀਆਂ ਨਾਲ ਮਿਲ ਕੇ ਚੋਰੀ ਦੀਆਂ ਵਾਰਦਾਤਾਂ ਕਰਨ ਲੱਗ ਪਿਆ।