ਰਾਕੇਸ਼ ਗਾਂਧੀ, ਜਲੰਧਰ : ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਬੂਟਾ ਪਿੰਡ ਲਾਗਿਓਂ ਇਕ ਲੜਕੀ ਕੋਲੋਂ ਮੋਬਾਈਲ ਖੋਹ ਕੇ ਭੱਜੇ ਤਿੰਨ ਲੁਟੇਰਿਆਂ ਨੂੰ 20 ਮਿੰਟਾਂ 'ਚ ਹੀ ਕਾਬੂ ਕਰ ਲਿਆ।

ਜਾਣਕਾਰੀ ਅਨੁਸਾਰ ਅਨੂ ਵਾਸੀ ਬੂਟਾ ਪਿੰਡ ਪੈਦਲ ਹੀ ਸ੍ਰੀ ਗੁਰੂ ਰਵਿਦਾਸ ਚੌਕ ਕੋਲੋਂ ਜਾ ਰਹੀ ਸੀ ਕਿ ਇਕ ਬਾਈਕ 'ਤੇ ਆਏ ਤਿੰਨ ਲੁਟੇਰੇ ਉਸ ਦੇ ਹੱਥ 'ਚ ਫੜਿਆ ਮੋਬਾਈਲ ਝਪਟ ਕੇ ਫ਼ਰਾਰ ਹੋ ਗਏ।ਅਨੂ ਵੱਲੋਂ ਰੌਲਾ ਪਾਉਣ 'ਤੇ ਉਥੋਂ ਲੰਘ ਰਹੇ ਕੁਝ ਲੋਕਾਂ ਨੇ ਟਰੈਕਟਰ 'ਤੇ ਲੁਟੇਰਿਆਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੇ ਬਾਈਕ ਸਵਾਰ ਲੁਟੇਰਿਆਂ ਦੀ ਬਾਈਕ ਦਾ ਨੰਬਰ ਨੋਟ ਕਰ ਕੇ ਪੁਲਿਸ ਕੰਟਰੋਲ ਰੂਮ 'ਚ ਦਿੱਤਾ ਤਾਂ ਥਾਣਾ ਭਾਰਗੋ ਕੈਂਪ ਦੇ ਮੁਖੀ ਇੰਸਪੈਕਟਰ ਭਗਵੰਤ ਸਿੰਘ ਭੁੱਲਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਨੰਬਰ ਦੀ ਬਾਈਕ 'ਤੇ ਭੱਜ ਰਹੇ ਤਿੰਨਾਂ ਲੁਟੇਰਿਆਂ ਨੂੰ ਕਾਬੂ ਲਿਆ। ਇੰਸਪੈਕਟਰ ਭੁੱਲਰ ਨੇ ਦੱਸਿਆ ਕਿ ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।