ਮਨਜੀਤ ਮੱਕੜ, ਗੁਰਾਇਆ : ਗੁਰਾਇਆ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ 70 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਗੁਰਾਇਆ ਮੁਖੀ ਕੇਵਲ ਸਿੰਘ ਨੇ ਦੱਸਿਆ ਕਿ ਏਐੱਸਆਈ ਸੁਰਜੀਤ ਸਿੰਘ ਪਿੰਡ ਡੱਲੇਵਾਲ ਦੀ ਤਨਹਿਰਾ ਪੁਲ਼ੀ 'ਤੇ ਸਾਥੀ ਮੁਲਾਜ਼ਮਾਂ ਨਾਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਇਕ ਨੌਜਵਾਨ ਜੋ ਟੀਵੀਐੱਸ ਮੋਟਰਸਾਈਕਲ ਨੰ. ਪੀਬੀ 07 ਏਕਿਊ 6796 'ਤੇ ਆ ਰਿਹਾ ਸੀ, ਪੁਲਿਸ ਨੂੰ ਦੇਖ ਕੇ ਵਾਪਸ ਭੱਜਣ ਲੱਗਿਆ ਤਾਂ ਘਬਰਾਹਟ ਵਿਚ ਉਹ ਮੋਟਰਸਾਈਕਲ ਤੋਂ ਥੱਲੇ ਡਿੱਗ ਪਿਆ। ਪੁਲਿਸ ਨੇ ਉਕਤ ਨੌਜਵਾਨ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਗੁਰਾਇਆ ਪੁਲਿਸ ਨੇ ਕਾਬੂ ਕੀਤੇ ਗਏ ਮੁਲਜ਼ਮ ਕਰਮਜੀਤ ਸਿੰਘ ਵਾਸੀ ਪਿੰਡ ਨਾਗਰਾ ਥਾਣਾ ਫਿਲੌਰ ਖ਼ਿਲਾਫ਼ ਮੁਕੱਦਮਾ ਨੰਬਰ 230 ਧਾਰਾ 21-61-85 ਤਹਿਤ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਸੇ ਤਰ੍ਹਾਂ ਇੰਸਪੈਕਟਰ ਕੁਲਵੰਤ ਸਿੰਘ ਨੇ ਸਾਥੀ ਮੁਲਾਜ਼ਮਾਂ ਨਾਲ ਪਿੰਡ ਚਿਚਰਾੜੀ ਵਿਚ ਨਾਕਾ ਲਗਾਇਆ ਹੋਇਆ ਸੀ ਤਾਂ ਸਵਿਫਟ ਕਾਰ ਨੰ. ਪੀਬੀ 10ਐਫ 4181 ਦੇ ਚਾਲਕ ਤੇ ਉਸ ਦੇ ਨਾਲ ਬੈਠੇ ਨੌਜਵਾਨ ਨੇ ਗੱਡੀ ਰੋਕ ਕੇ ਨੱਸਣ ਦੀ ਕੋਸ਼ਿਸ਼ ਕੀਤੀ। ਪੁਲਸ ਮੁਲਾਜ਼ਮਾਂ ਨੇ ਪਿੱਛਾ ਕਰਦੇ ਹੋਏ ਦੋਹਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਤਾਲਾਸ਼ੀ ਲੈਣ 'ਤੇ ਗੱਡੀ ਚਲਾਉਣ ਵਾਲੇ ਨੌਜਵਾਨ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਮੌਕੇ 'ਤੇ ਪੁੱਜੇ ਦੁਸਾਂਝ ਚੌਕੀ ਇੰਚਾਰਜ ਇੰਸਪੈਕਟਰ ਲਾਭ ਸਿੰਘ ਨੇ ਦੋਹਾਂ ਮੁਲਜ਼ਮਾਂ ਸੁਨੀਲ ਉਰਫ਼ ਇਸ਼ਾਨ ਜਿੰਦਲ ਤੇ ਰਾਹੁਲ ਦੋਵੇਂ ਵਾਸੀ ਬੇਅੰਤ ਨਗਰ, ਥਾਣਾ ਜਮਾਲਪੁਰ, ਜ਼ਿਲ੍ਹਾ ਲੁਧਿਆਣਾ ਖ਼ਿਲਾਫ਼ ਮੁਕੱਦਮਾ ਨੰਬਰ 231 ਧਾਰਾ 21-61-85 ਤਹਿਤ ਦਰਜ ਕਰ ਕੇ ਪੁੱਛਗਿੱਛ ਕੀਤੀ ਤਾਂ ਦੋਵਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਤਿੰਨ ਵਾਰ ਅਫੀਮ ਦੀ ਸਪਲਾਈ ਦੇ ਚੁੱਕੇ ਹਨ।