ਪਿ੍ਰਤਪਾਲ ਸਿੰਘ ਸ਼ਾਹਕੋਟ : ਸ਼ਾਹਕੋਟ ਪੁਲਿਸ ਨੇ 3 ਮੁਲਜ਼ਮਾਂ ਨੂੰ 2 ਕੁਇੰਟਲ 25 ਕਿਲੋਗ੍ਰਾਮ ਡੋਡੇ ਚੂਰਾ ਪੋਸਤ , ਸਵਿਫਟ ਕਾਰ ਤੇ ਟਰੱਕ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਪੁੱਲ ਸਲੈਚਾ ਕੋਲ ਇੱਕ ਸਵਿਫਟ ਕਾਰ ਨੂੰ ਸ਼ੱਕੀ ਹਾਲਤ ਵਿੱਚ ਰੋਕਿਆ। ਜਿਸ 'ਚ ਦੋ ਨੌਜਵਾਨ ਮਲਕੀਤ ਸਿੰਘ ਉਰਫ ਕਾਕਾ ਤੇ ਅਮਰਜੀਤ ਸਿੰਘ ਵਾਸੀ ਪਿੰਡ ਬਾਜਵਾ ਕਲਾਂ ਸਵਾਰ ਸਨ। ਕਾਰ ਦੀ ਤਲਾਸ਼ੀ ਲੈਣ 'ਤੇ ਕਾਰ ਦੀ ਪਿਛਲੀ ਸੀਟ ਤੋਂ 3 ਬੋਰੇ ਤੇ ਕਾਰ ਦੀ ਡਿੱਗੀ 'ਚੋਂ 2 ਬੋਰੇ ਬਰਾਮਦ ਹੋਏ। ਇਨ੍ਹਾਂ ਬੋਰਿਆਂ ਨੂੰ ਚੈੱਕ ਕਰਨ 'ਤੇ ਹਰੇਕ ਬੋਰੇ 'ਚੋਂ 25/25 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਹੋਏ। ਪੁੱਛਗਿੱਛ ਦੌਰਾਨ ਮਲਕੀਤ ਸਿੰਘ ਕਾਕਾ ਨੇ ਦੱਸਿਆ ਕਿ ਉਹ ਇਹ ਡੋਡੇ ਚੂਰਾ ਪੋਸਤ ਮੁਹੰਮਦ ਅਲਤਾਫ ਵਾਸੀ ਜੰਮੂ ਕਸ਼ਮੀਰ ਕੋਲੋਂ ਲੈ ਕੇ ਆਏ ਹਨ ਜੋ ਇਸ ਵਕਤ ਨੇੜੇ ਰੇਲਵੇ ਫਾਟਕ ਮਲਸੀਆਂ ਕੋਲ ਆਪਣਾ ਟਰੱਕ ਲੈ ਕੇ ਖੜਾ ਹੈ। ਪੁਲਿਸ ਨੇ ਟਰੱਕ ਡਰਾਈਵਰ ਮੁਹੰਮਦ ਅਲਤਾਫ ਵਾਸੀ ਆਚੀ ਡੋਰਾ ਥਾਣਾ ਆਨੰਤਨਾਗ ਸਟੇਟ ਜੰਮੂ ਕਸ਼ਮੀਰ ਨੂੰ ਕਾਬੂ ਕੀਤਾ। ਤਲਾਸ਼ੀ ਲੈਣ 'ਤੇ ਟਰੱਕ 'ਚੋਂ ਇਕ ਕੁਇੰਟਲ ਡੋਡੇ ਚੂਰਾ ਪੋਸਤ ਬਰਾਮਦ ਹੋਏ। ਮਲਕੀਤ ਸਿੰਘ ਨੇ ਦੱਸਿਆ ਕਿ ਉਹ ਪੇਂਟ ਦਾ ਕੰਮ ਕਰਦਾ ਹੈ ਅਤੇ ਅੱਜ ਉਹ ਅਮਰਜੀਤ ਸਿੰਘ ਨੂੰ ਨਾਲ ਲੈ ਕੇ ਮੁਹੰਮਦ ਅਲਤਾਫ ਤੋਂ 5 ਬੋਰੋ ਡੋਡੋ ਚੂਰਾ ਪੋਸਤ ਲੈ ਕੇ ਆਇਆ ਸੀ। ਮੁਹੰਮਦ ਅਲਤਾਫ ਨੇ ਦੱਸਿਆ ਕਿ ਉਹ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ ਤੇ ਟਰੱਕ ਡਰਾਇਵਰੀ ਕਰਦਾ ਹੈ। ਉਹ ਜਦੋਂ ਵੀ ਪੰਜਾਬ ਗੇੜਾ ਲਗਾਉਂਦਾ ਹੈ ਤੇ ਕੁੱਝ ਬੋਰੇ ਡੋਡੇ ਚੂਰਾ ਪੋਸਤ ਲੈ ਆਉਂਦਾ ਹੈ ਤੇ ਪੰਜਾਬ 'ਚ ਆਪਣੇ ਗਾਹਕਾਂ ਨਾਲ ਫੋਨ 'ਤੇ ਸੰਪਰਕ ਕਰਕੇ ਸਪਲਾਈ ਕਰ ਦਿੰਦਾ ਹੈ। ਐੱਸਐੱਚਓ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।