ਜਤਿੰਦਰ ਪੰਮੀ, ਜਲੰਧਰ : ਲੋਕਤੰਤਰ ’ਚ ਹਰੇਕ ਨਾਗਰਿਕ ਨੂੰ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਦਾ ਅਧਿਕਾਰ ਹਾਸਲ ਹੈ। ਦੇਸ਼ ਦਾ ਹਰ ਨਾਗਰਿਕ ਜੋ ਕਿ 18 ਸਾਲ ਦੀ ਉਮਰ ਪੂਰੀ ਕਰਦਾ ਹੈ, ਉਸ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਜਾਂਦਾ ਹੈ, ਚਾਹੇ ਵੀ ਉਹ ਕਿਸੇ ਵੀ ਧਰਮ, ਜਾਤ ਜਾਂ ਲਿੰਗ ਨਾਲ ਸਬੰਧਤ ਹੋਵੇ। ਕੇਂਦਰੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆ ਤਿਆਰ ਕਰਨ ਲਈ 3 ਤਰ੍ਹਾਂ ਦੇ ਵੋਟਰ ਰਜਿਸਟਰ ਕੀਤੇ ਜਾਂਦੇ ਹਨ, ਜਿਨ੍ਹਾਂ ਵਿਚ ਪੁਰਸ਼, ਮਹਿਲਾ ਤੇ ਤੀਜਾ ਲਿੰਗ (ਥਰਡ ਜੈਂਡਰ) ਸ਼ਾਮਲ ਹਨ। ਥਰਡ ਜੈਂਡਰ ਦਾ ਕਾਲਮ 2014 ਦੀਆ ਲੋਕ ਸਭਾ ਚੋਣਾਂ ਦੌਰਾਨ ਬਣੀਆ ਵੋਟਰ ਸੂਚੀਆਂ ਵਿਚ ਸ਼ਾਮਲ ਕੀਤਾ ਗਿਆ ਸੀ ਜਦੋਂ ਸੁਪਰੀਮ ਕੋਰਟ ਨੇ ਕਿੰਨਰਾਂ ਤੇ ਟਰਾਂਸਜੈਂਡਰਾਂ ਨੂੰ ਤੀਜੇ ਲਿੰਗ ਵਜੋਂ ਮਾਨਤਾ ਦਿੱਤੀ ਸੀ। 2014 ਤੋਂ ਲੈ ਕੇ ਹੁਣ ਤਕ ਪੰਜਾਬ ਅੰਦਰ ਜਿੰਨੀਆਂ ਚੋਣਾਂ ਹੋਈਆਂ ਹਨ, ਉਨ੍ਹਾਂ ਵਿਚ ਨਾ ਸਿਰਫ ਤੀਸਰੇ ਲਿੰਗ ਦੇ ਵੋਟਰਾਂ ਦੀ ਗਿਣਤੀ ਵਧੀ ਹੈ ਬਲਕਿ ਉਨ੍ਹਾਂ ਦੀ ਸਿਆਸੀ ਹਿੱਸੇਦਾਰੀ ਵੀ ਲਗਾਤਾਰ ਵੱਧ ਰਹੀ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਣ ਜ਼ਿਲ੍ਹਾ ਗੁਰਦਾਸੁਪਾਰ ਦੀ ਤਹਿਸੀਲ ਦੀਨਾਨਗਰ ਵਿੱਚੋਂ ਮਿਲਦੀ ਹੈ, ਜਿੱਥੇ ਪਰਵੀਨ ਨਾਂ ਦੇ ਮਹੰਤ ਨੇ 1995 ’ਚ ਮਿਊਂਸਪਲ ਕੌਂਸਲ ਦੀ ਆਜ਼ਾਦ ਚੋਣ ਲੜੀ ਸੀ ਤੇ ਜਿੱਤ ਹਾਸਿਲ ਕੀਤੀ ਸੀ। 20 ਫਰਵਰੀ ਨੂੰ ਹੋਣ ਜਾ ਰਹੀਆ ਵਿਧਾਨ ਸਭਾ ਚੋਣਾਂ ਲਈ ਜਿੱਥੇ ਸੂਬੇ ਭਰ ਵਿੱਚੋਂ ਪੰਜਾਬ ਚੋਣ ਕਮਿਸ਼ਨ ਵੱਲੋਂ ਤਿਆਰ ਸੂਚੀ ਵਿਚ ਤੀਜੇ ਲਿੰਗ ਦੇ 691 ਵੋਟਰ ਰਜਿਸਟਰ ਹੋਏ ਹਨ, ਉਥੇ ਪਟਿਆਲਾ ਸ਼ਹਿਰ ਤੋਂ ਜਸਲੀਨ ਨਾਂ ਦੇ ਮਹੰਤ ਨੇ ਆਜ਼ਾਦ ਤੌਰ ’ਤੇ ਵਿਧਾਇਕ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ।

2014 ’ਚ ਤੀਜੇ ਲਿੰਗ ਨੂੰ ਮਿਲੀ ਸੀ ਮਾਨਤਾ

ਵਰਨਣਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ 2014 ’ਚ ਆਪਣੇ ਇਕ ਫੈਸਲੇ ’ਚ ਕਿੰਨਰਾਂ (ਹਿਜੜਿਆਂ) ਤੇ ਲਿੰਗ ਬਦਲਣ ਵਾਲੇ ਲੋਕਾਂ (ਟਰਾਂਸਜੈਂਡਰ) ਨੂੰ ਮੁਲਕ ਵਿਚ ਵੱਖਰੇ ਲਿੰਗ ਵਜੋਂ ਮਾਨਤਾ ਦਿੱਤੀ ਗਈ ਸੀ। ਦੇਸ਼ ਦੀ ਸਰਬਉੱਚ ਅਦਾਲਤ ਨੇ ਉਨ੍ਹਾਂ ਨੂੰ ਵਿਸ਼ੇਸ਼ ਦਰਜਾ ਦਿੱਤਾ ਸੀ ਅਤੇ ਉਨ੍ਹਾਂ ਨੂੰ ਨੌਕਰੀਆ ਤੇ ਸਿਆਸਤ ’ਚ ਬਣਦੀ ਹਿੱਸੇਦਾਰੀ ਦੇਣ ਦਾ ਹੱਕ ਦਿੱਤਾ ਸੀ। ਸੁਪਰੀਮ ਕੋਰਟ ਦੇ ਇਸ ਇਤਿਹਾਸਕ ਫੈਸਲੇ ਤੋਂ ਬਾਅਦ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ 325 ਲੋਕਾਂ ਨੇ ਆਪਣੇ ਨੂੰ ਆਪ ਤੀਜੇ ਲਿੰਗ ਦੇ ਵੋਟਰ ਵਜੋਂ ਰਜਿਸਟਰ ਕਰਵਾਇਆ ਸੀ ਪਰ ਵੋਟ ਦੇ ਹੱਕ ਦੀ ਵਰਤੋਂ ਸਿਰਫ ਇਕ ਨੇ ਹੀ ਕੀਤੀ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਤੀਜੇ ਲਿੰਗ ਦੇ 415 ਵੋਟਰ ਸਨ, ਜਿਨ੍ਹਾਂ ਵਿੱਚੋਂ 91 ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਸੀ। 2019 ਦੀਆ ਲੋਕ ਸਭਾ ਚੋਣਾਂ ਦੌਰਾਨ ਤੀਜੇ ਲਿੰਗ ਦੇ ਲੋਕਾਂ ਦਾ ਉਤਸ਼ਾਹ ਵਧਿਆ ਦਿਖਾਈ ਦਿੱਤਾ ਤੇ ਇਨ੍ਹਾਂ ਚੋਣਾਂ ਦੌਰਾਨ ਚੋਣ ਕਮਿਸ਼ਨ ਪੰਜਾਬ ਵੱਲੋਂ ਤਿਆਰ ਕੀਤੀਆ ਗਈ ਵੋਟਰ ਸੂਚੀ 507 ਲੋਕਾਂ ਨੇ ਆਪਣੇ ਆਪਣੇ ਨੂੰ ਤੀਜੇ ਲਿੰਗ ਵਜੋਂ ਰਜਿਸਟਰ ਕਰਵਾਇਆ ਸੀ। ਇਸ ਸਾਲ ਚੋਣ ਕਮਿਸ਼ਨ ਪੰਜਾਬ ਵੱਲੋਂ ਤਿਆਰ ਕੀਤੀ ਗਈ ਵੋਟਰ ਸੂਚੀ ਮੁਤਾਬਕ 691 ਵੋਟਰ ਤੀਜੇ ਲਿੰਗ ਦੇ ਹਨ। ਇਸ ਤਰ੍ਹਾਂ 2014 ਤੇ 2019 ਦੀਆ ਲੋਕ ਸਭਾ ਚੋਣਾਂ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਤੀਜੇ ਲਿੰਗ ਦੀ ਵੋਟਰਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ ਤੇ ਉਨ੍ਹਾਂ ਅੰਦਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਦਾ ਰੁਝਾਨ ਵੱਧ ਰਿਹਾ ਹੈ।

ਹੱਕਾਂ ਲਈ ਜਾਗਰੂਕ ਹੋਣ ਦੀ ਲੋੜ : ਪਰਵੀਨ

ਮੌਜੂਦਾ ਸਮੇਂ ਦੀਨਾਨਗਰ ਨਗਰ ਕੌਂਸਲ ਵਿਚ ਬਤੌਰ ਵਾਈਸ ਚੇਅਰਮੈਨ ਸੇਵਾਵਾਂ ਨਿਭਾਅ ਰਹੇ ਮਹੰਤ ਬਾਬਾ ਪਰਵੀਨ ਦਾ ਕਹਿਣਾ ਹੈ ਕਿ ਕਿੰਨਰਾਂ ਨੂੰ ਮਨੁੱਖੀ ਅਧਿਕਾਰਾਂ ਦੇ ਨਾਲ-ਨਾਲ਼ ਸਿਆਸੀ ਤੌਰ ’ਤੇ ਜਾਗਰੂਕ ਹੋਣ ਦੀ ਲੋੜ ਹੈ। ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਵੀ ਸੱਤਾ ਵਿਚ ਭਾਈਵਾਲ ਬਣ ਕੇ ਆਮ ਜਨਤਾ ਦੇ ਨਾਲ ਆਪਣੇ ਵਰਗ ਦੀ ਭਲਾਈ ਲਈ ਕੰਮ ਕਰ ਸਕਦੇ ਹਾਂ। ਮਹੰਤ ਪਰਵੀਨ ਦੱਸਦੇ ਹਨ ਕਿ ਉਨ੍ਹਾਂ ਨੇ ਪਹਿਲੀ ਵਾਰ 1995 ’ਚ ਨਗਰ ਕੌਂਸਲ ਦੀ ਚੋਣ ਅਜ਼ਾਦ ਤੌਰ ’ਤੇ ਲੜੀ ਸੀ ਤੇ ਜਿੱਤ ਹਾਸਲ ਕੀਤੀ। ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਚਾਰ ਵਾਰ ਟਿਕਟ ਦੇ ਕੇ ਆਪਣਾ ਉਨ੍ਹਾਂ ਨੂੰ ਉਮੀਦਵਾਰ ਬਣਾਇਆ, ਜਿਸ ਵਿੱਚੋਂ ਉਨ੍ਹਾਂ ਨੇ 3 ਵਾਰ ਆਪ ਚੋਣ ਲੜੀ ਤੇ ਇਕ ਵਾਰ ਕਿਸੇ ਹੋਰ ਨੂੰ ਲੜਵਾਈ ਸੀ। ਇਸ ਤਰ੍ਹਾਂ ਉਹ 4 ਵਾਰ ਕੌਂਸਲਰ ਬਣ ਚੁੱਕੇ ਹਨ ਤੇ ਹੁਣ ਨਗਰ ਕੌਂਸਲ ਦੇ ਵਾਈਸ ਚੇਅਰਮੈਨ ਵਜੋਂ ਸੇਵਾ ਕਰ ਰਹੇ ਹਨ। ਕਿੰਨਰਾਂ ਨੂੰ ਹੱਕਾਂ ਪ੍ਰਤੀ ਜਾਗਰੂਕ ਕਰਨ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਜਦੋਂ ਕਿੰਨਰ ਭਾਈਚਾਰੇ ਦੇ ਸਮਾਗਮ ਹੁੰਦੇ ਹਨ, ਉਨ੍ਹਾਂ ਵਿਚ ਸ਼ਾਮਲ ਸਾਥੀਆ ਨੂੰ ਆਪਣੀ ਵੋਟ, ਆਧਾਰ ਕਾਰਡ ਤੇ ਲੋਕਤੰਤਰੀ ਪ੍ਰਕਿਰਿਆ ਦਾ ਹਿੱਸਾ ਬਣਨ ਲਈ ਜਾਗਰੂਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਹ ਜ਼ਿਲ੍ਹਾ ਪ੍ਰਸ਼ਾਸਨ ਦਾ ਜਾਗਰੂਕਤਾ ਮੁਹਿੰਮਾਂ ਚਲਾਉਣ ਵਿਚ ਸਹਿਯੋਗ ਕਰਦੇ ਰਹਿੰਦੇ ਹਨ।

ਜ਼ਿਲ੍ਹਾ ਤੀਜੇ ਲਿੰਗ ਦੇ ਵੋਟਰ

ਜਲੰਧਰ -30

ਪਠਾਨਕੋਟ-08

ਗੁਰਦਾਸਪੁਰ-27

ਅੰਮ੍ਰਿਤਸਰ-64

ਤਰਨਤਾਰਨ-34

ਕਪੂਰਥਲਾ-31

ਹੁਸ਼ਿਆਰਪੁਰ-43

ਐੱਸਬੀਐੱਸ ਨਗਰ-22

ਰੂਪਨਗਰ-16

ਐੱਸਏਐੱਸ ਨਗਰ-41

ਫਤਿਹਗੜ੍ਹ ਸਾਹਿਬ-08

ਲੁਧਿਆਣਾ-123

ਮੋਗਾ-36

ਫਿਰੋਜ਼ਪੁਰ-15

ਫਾਜ਼ਲਿਕਾ-18

ਮੁਕਤਸਰ-20

ਫਰੀਦਕੋਟ-16

ਬਠਿੰਡਾ-23

ਮਾਨਸਾ-09

ਸੰਗਰੂਰ-23

ਬਰਨਾਲਾ-15

ਮਾਲੇਰਕੋਟਲਾ-9

ਪਟਿਆਲਾ-60

ਕੁੱਲ-691

Posted By: Jagjit Singh