ਗੁਰਪ੍ਰਰੀਤ ਸਿੰਘ ਬਾਹੀਆ ਜਲੰਧਰ ਛਾਉਣੀ :

ਪਰਾਗਪੁਰ ਚੌਕੀ ਅਧੀਨ ਆਉਂਦੇ ਦੀਪਨਗਰ ਸਥਿਤ ਰਾਮਬਾਗ ਵਿਖੇ ਮੰਦਿਰ 'ਚੋਂ ਬੀਤੀ ਦੇਰ ਰਾਤ ਚੋਰ ਲੱਖਾਂ ਦੀ ਚਾਂਦੀ ਤੇ ਹਜ਼ਾਰਾਂ ਦੀ ਨਕਦੀ ਚੋਰੀ ਕਰ ਕੇ ਰਫੂਚੱਕਰ ਹੋ ਗਏ। ਇਸ ਸਬੰਧੀ ਅਸ਼ੋਕ ਕੁਮਾਰ ਤੇ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਰਾਤ ਦਸ ਵਜੇ ਤੋਂ ਬਾਅਦ ਉਹ ਆਪਣੇ ਘਰ ਚਲੇ ਗਏ ਸਨ। ਉਨਾਂ੍ਹ ਦੱਸਿਆ ਕਿ ਚੋਰ ਰਾਮਬਾਗ 'ਚ ਬਣੇ ਸ਼ਿਵਾਲੇ ਦੇ ਦੋ ਦਰਵਾਜ਼ਿਆਂ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋਏ। ਉਨਾਂ੍ਹ ਦੱਸਿਆ ਕਿ ਚੋਰਾਂ ਨੇ ਸ਼ਿਵਿਲੰਗ 'ਤੇ ਲੱਗੀ ਹੋਈ ਤਿੰਨ ਕਿਲੋ ਦੇ ਕਰੀਬ ਚਾਂਦੀ ਤੇ ਅਲਮਾਰੀ 'ਚ ਪਏ 30 ਹਜ਼ਾਰ ਦੇ ਲਗਪਗ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ। ਉਨ੍ਹਾਂ ਦੋਵਾਂ ਨੇ ਦੱਸਿਆ ਕਿ ਮੌਕੇ 'ਤੇ ਪਰਾਗਪੁਰ ਚੌਕੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁੱਜੇ ਚੌਕੀ ਇੰਚਾਰਜ ਬਲਜਿੰਦਰ ਸਿੰਘ ਤੇ ਉਨਾਂ੍ਹ ਦੀ ਟੀਮ ਵੱਲੋਂ ਜਾਂਚ ਪੜਤਾਲ ਕੀਤੀ ਗਈ। ਪਰਾਗਪੁਰ ਚੌਕੀ ਵੱਲੋਂ ਮੰਦਿਰ ਦੇ ਅੰਦਰ ਲੱਗੇ ਕੈਮਰੇ ਤੇ ਬਾਹਰ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਰਾਕੇਸ਼ ਕੁਮਾਰ ਨੇ ਐਲਾਨ ਕੀਤਾ ਕਿ ਜੋ ਵੀ ਚੋਰਾਂ ਬਾਰੇ ਸੂਚਨਾ ਦੇਵੇਗਾ ਉਸ ਨੂੰ ਇਕ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ।

ਜਾਣਕਾਰੀ ਅਨੁਸਾਰ ਦੀਪ ਨਗਰ ਇਲਾਕੇ 'ਚ ਚੋਰਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਚੋਰੀਆਂ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਸਬੰਧਤ ਪੁਲਿਸ ਹੋ ਰਹੀਆਂ ਚੋਰੀਆਂ ਨੂੰ ਠੱਲ੍ਹ ਪਾਉਣ 'ਚ ਅਸਫ਼ਲ ਰਹੀ ਹੈ ਇਸ ਸਬੰਧੀ ਗੱਲਬਾਤ ਕਰਨ 'ਤੇ ਚੌਕੀ ਇੰਚਾਰਜ ਬਰਜਿੰਦਰ ਸਿੰਘ ਨੇ ਕਿਹਾ ਕਿ ਉਨਾਂ੍ਹ ਕੋਲ ਕੋਈ ਵੀ ਸ਼ਿਕਾਇਤ ਨਹੀਂ ਆਈ ਹੈ ਪਰ ਉਨਾਂ੍ਹ ਇਹ ਮੰਨਿਆ ਕਿ ਉਹ ਰਾਮਬਾਗ ਮੰਦਿਰ ਵਿਚ ਹੋਈ ਚੋਰੀ ਦੀ ਸੂਚਨਾ ਮਿਲਣ 'ਤੇ ਜਾਂਚ ਕਰਨ ਗਏ ਸਨ। ਬਰਜਿੰਦਰ ਸਿੰਘ ਨੇ ਕਿਹਾ ਕਿ ਉਨਾਂ੍ਹ ਨੂੰ ਨੁਕਸਾਨ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਇਸ ਬਾਰੇ ਅਸ਼ੋਕ ਕੁਮਾਰ ਤੇ ਰਾਕੇਸ਼ ਕੁਮਾਰ ਨੇ ਹਾਲੇ ਤਕ ਕੁਝ ਨਹੀਂ ਦੱਸਿਆ। ਉਨਾਂ੍ਹ ਕਿਹਾ ਕਿ ਸ਼ਿਕਾਇਤ ਆਉਣ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।