ਅੰਮਿ੍ਤਪਾਲ ਸਿੰਘ ਸੋਂਧੀ, ਕਿਸ਼ਨਗੜ੍ਹ : ਬੀਤੇ ਕਰੀਬ ਦੋ-ਤਿੰਨ ਦਿਨ ਪਹਿਲਾਂ ਦੇਰ ਰਾਤ ਨੂੰ ਨੇੜੇ ਪਿੰਡ ਬਿਆਸ ਪਿੰਡ 'ਚ ਪੰਜ ਦੇ ਕਰੀਬ ਚੋਰਾਂ ਵੱਲੋਂ ਇਕ ਕਿਸਾਨ ਦੇ ਖੂਹ 'ਤੇ ਬਣੇ ਡੇਰੇ 'ਤੇ ਰਾਤ ਨੂੰ ਸੱੁਤੇ ਹੋਏ ਪਰਵਾਸੀ ਮਜ਼ਦੂਰ ਨੂੰ ਗੋਲੀ ਮਾਰਨ ਦੀ ਧਮਕੀ ਦਿੰਦਿਆਂ ਹੋਇਆ ਇਕ ਮੱਝ ਚੋਰੀ ਕਰ ਲਈ ਪਰ ਹੋਰ ਪਸ਼ੂ ਚੋਰੀ ਕਰਨ 'ਚ ਅਸਫਲ ਰਹੇ। ਪਰਵਾਸੀ ਮਜ਼ਦੂਰ ਕੋਮੋਦ ਸ਼ਾਹ, ਕੁਲਵਿੰਦਰ ਸਿੰਘ ਪੱੁਤਰ ਸਾਧੂ ਸਿੰਘ, ਲੰਬੜਦਾਰ ਰਣਜੀਤ ਸਿੰਘ, ਲੰਬੜਦਾਰ ਨਛੱਤਰ ਸਿੰਘ, ਕਿਸਾਨ ਸੂਬਾ ਸਿੰਘ (ਚਾਰੇ ਨਿਵਾਸੀ ਬਿਆਸ ਪਿੰਡ) ਨੇ ਦੱਸਿਆ ਕਿ ਉਨ੍ਹਾਂ ਦੇ ਖੂਹਾਂ ਦੇ ਡੇਰੇ ਜੋ ਬਿਆਸ ਪਿੰਡ ਤੋਂ ਕਾਲਾ ਬੱਕਰਾ ਨੂੰ ਜਾਂਦੇ ਰੇਲਵੇ ਫਾਟਕ ਕੋਲ ਹਨ। ਬੀਤੀ 18 ਜੁਲਾਈ ਦੀ ਰਾਤ ਨੂੰ ਕੁਲਵਿੰਦਰ ਸਿੰਘ ਤੇ ਨਛੱਤਰ ਸਿੰਘ ਦੇ ਖੂਹ 'ਤੇ ਬਣੇ ਡੇਰੇ 'ਤੇ ਇਕ ਗੱਡੀ 'ਚ ਸਵਾਰ ਹੋ ਕੇ ਕਰੀਬ ਪੰਜ ਚੋਰਾਂ ਵੱਲੋਂ ਜਿਨ੍ਹਾਂ ਨੇ ਨਛੱਤਰ ਸਿੰਘ ਦੇ ਡੇਰੇ 'ਤੇ ਸੁੱਤੇ ਹੋਏ ਪਰਵਾਸੀ ਮਜ਼ਦੂਰ ਨੂੰ ਤੇਜ਼ਧਾਰ ਹਥਿਆਰ ਦਾਤਰ ਦਿਖਾਇਆ ਤੇ ਉਸ ਨੂੰ ਮੰਜੇ ਨਾਲ ਬੰਨ੍ਹ ਕੇ ਕੁਲਵਿੰਦਰ ਸਿੰਘ ਦੀ (ਇੱਕ ਮੱਝ) ਚੋਰੀ ਕਰ ਲਈ ਸੀ। ਇਸ ਦੇ ਨਾਲ ਹੀ ਨਛੱਤਰ ਸਿੰਘ ਦੀ ਇਕ ਦੁਧਾਰੂ ਗਊ ਤੇ ਦੋ ਪਸ਼ੂ ਸਵੇਰੇ ਖੇਤਾਂ 'ਚੋਂ ਮਿਲੇ। ਚੋਰੀ ਹੋਈ ਮੱਝ ਸਬੰਧੀ ਜਦੋਂ ਚੌਕੀ ਅਲਾਵਲਪੁਰ ਦੇ ਇੰਚਾਰਜ ਏਐੱਸਆਈ ਪਰਮਜੀਤ ਸਿੰਘ ਨਾਲ ਫੋਨ 'ਤੇ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਕੁਲਵਿੰਦਰ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।