ਰਾਕੇਸ਼ ਗਾਂਧੀ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਹੱਦ 'ਚ ਪੈਂਦੇ ਜੇਪੀ ਨਗਰ 'ਚ ਸਥਿਤ ਇਕ ਸੇਵਾਮੁਕਤ ਪ੍ਰਿੰਸੀਪਲ ਦੇ ਘਰ ਚੋਰਾਂ ਨੇ ਧਾਵਾ ਬੋਲਦੇ ਹੋਏ ਲੱਖਾਂ ਰੁਪਏ ਦਾ ਸਾਮਾਨ ਤੇ ਨਕਦੀ ਚੋਰੀ ਕਰ ਲਈ। ਜਾਣਕਾਰੀ ਅਨੁਸਾਰ ਹਰਭਜਨ ਕੌਰ ਜੋਕਿ ਜੇਪੀ ਨਗਰ ਸਥਿਤ ਇਕ ਸਕੂਲ 'ਚੋਂ ਪ੍ਰਿੰਸੀਪਲ ਦੇ ਅਹੁਦੇ ਤੋਂ ਰਿਟਾਇਰ ਹੋਈ ਹੈ ਆਪਣੇ ਪਤੀ ਹਰਭਜਨ ਸਿੰਘ ਨਾਲ ਜੇਪੀ ਨਗਰ ਦੀ ਕੋਠੀ 'ਚ ਰਹਿ ਰਹੀ ਸੀ। ਉਨ੍ਹਾਂ ਦੇ ਬੱਚੇ ਗੁਰਗਾਵਾਂ 'ਚ ਸੈਟਲ ਹਨ। ਦੋ ਤਿੰਨ ਦਿਨ ਪਹਿਲਾਂ ਉਹ ਆਪਣੇ ਬੱਚਿਆਂ ਕੋਲ ਗਏ ਸਨ।

ਸ਼ੁੱਕਰਵਾਰ ਸਵੇਰੇ ਘਰ ਦਾ ਮਾਲੀ ਬੂਟਿਆਂ ਨੂੰ ਪਾਣੀ ਦੇਣ ਲਈ ਆਇਆ ਤਾਂ ਕੋਠੀ ਦੇ ਤਾਲੇ ਟੁੱਟੇ ਹੋਏ ਸਨ। ਉਸ ਨੇ ਤੁਰੰਤ ਇਸ ਦੀ ਸੂਚਨਾ ਕੋਠੀ ਦੇ ਮਾਲਕਾਂ ਨੂੰ ਫੋਨ 'ਤੇ ਦਿੱਤੀ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਘਰ ਭੇਜਿਆ। ਘਰ ਦੇ ਹਾਲਾਤ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਚੋਰਾਂ ਨੇ ਬੜੇ ਆਰਾਮ ਨਾਲ ਕੋਠੀ ਨੂੰ ਨਿਸ਼ਾਨਾ ਬਣਾਇਆ ਹੈ ਤੇ ਹਰੇਕ ਕਮਰੇ ਦੀ ਤਲਾਸ਼ੀ ਲਈ ਹੈ। ਘਰ 'ਚ ਹੋਏ ਨੁਕਸਾਨ ਬਾਰੇ ਸਹੀ ਪਤਾ ਤਾਂ ਘਰ ਦੇ ਮਾਲਕਾਂ ਦੇ ਆਉਣ ਤੋਂ ਬਾਅਦ ਹੀ ਲੱਗੇਗਾ ਪਰ ਫੋਨ 'ਤੇ ਮਿਲੀ ਜਾਣਕਾਰੀ ਅਨੁਸਾਰ ਘਰ 'ਚ ਲੱਖਾਂ ਦੀ ਨਕਦੀ ਤੇ ਗਹਿਣੇ ਪਏ ਹੋਏ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਪਲਵਿੰਦਰ ਸਿੰਘ ਥਾਣਾ ਮੁਖੀ ਗਗਨਦੀਪ ਸਿੰਘ ਸੇਖੋਂ ਪੁਲਿਸ ਪਾਰਟੀ ਸਣੇ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ।

Posted By: Sarabjeet Kaur