ਜੇਐੱਨਐੱਨ, ਜਲੰਧਰ : ਭਾਰਗੋ ਕੈਂਪ ਥਾਣਾ ਖੇਤਰ ਦੇ ਨਿਊ ਦਸ਼ਮੇਸ਼ ਨਗਰ 'ਚ ਇਕ ਮਕਾਨ ਮਾਲਕ ਨੇ ਆਪਣੇ ਕਿਰਾਏਦਾਰ 'ਤੇ ਚੋਰੀ ਦਾ ਦੋਸ਼ ਲਾ ਦਿੱਤਾ ਜਿਸ ਤੋਂ ਬਾਅਦ ਦੋਵੇਂ ਹੀ ਧਿਰਾਂ ਵਿਚਾਲੇ ਰੱਜ ਕੇ ਹੰਗਾਮਾ ਹੋਇਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਲੱਕੀ ਸ਼ਰਮਾ ਪੁੱਤਰ ਚਿਰੰਜੀ ਲਾਲ ਨੇ ਦੱਸਿਆ ਕਿ ਉਹ ਏਸੀ ਮੁਰੰਮਤ ਕਰਨ ਦਾ ਕੰਮ ਕਰਦਾ ਹੈ ਤੇ ਘਰ 'ਚ ਹੀ ਨਜ਼ਦੀਕ ਆਪਣੇ ਪਲਾਟ 'ਚ ਉਸ ਨੇ ਕਿਰਾਏਦਾਰਾਂ ਨੂੰ ਕਮਰੇ ਕਿਰਾਏ 'ਤੇ ਦਿੱਤੇ ਹਨ। ਇਸ ਪਲਾਟ 'ਚ ਉਸ ਨੇ ਆਪਣੇ ਲਈ ਇਕ ਸਟੋਰ ਵੀ ਬਣਾਇਆ ਹੋਇਆ ਹੈ। ਐਤਵਾਰ ਦੇਰ ਰਾਤ ਘਰ 'ਚ ਲੱਗੀ ਪਾਣੀ ਦੀ ਮੋਟਰ ਖ਼ਰਾਬ ਹੋ ਜਾਣ ਤੋਂ ਬਾਅਦ ਜਦੋਂ ਉਹ ਸਟੋਰ 'ਚ ਸਾਮਾਨ ਲੈਣ ਲਈ ਪੁੱਜਾ ਤਾਂ ਉਥੇ ਰੱਖੀ ਤਾਂਬੇ ਦੀ ਤਾਰ ਤੇ ਏਸੀ ਰਿਪੇਅਰ ਕਰਨ 'ਚ ਕੰਮ ਆਉਣ ਵਾਲਾ ਸਾਮਾਨ ਗਾਇਬ ਸੀ। ਉਥੇ ਮਾਮਲੇ ਨੂੰ ਲੈ ਕੇ ਕਿਰਾਏਦਾਰ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਲੜਕਾ ਗੰਭੀਰ ਰੂਪ 'ਚ ਬਿਮਾਰੀ ਹੈ ਜਿਸ ਨੂੰ ਲੈ ਕੇ ਉਹ ਹਸਪਤਾਲ 'ਚ ਚੈੱਕਅੱਪ ਕਰਵਾਉਣ ਗਏ ਹੋਏ ਸਨ। ਉਨ੍ਹਾਂ ਦੇ ਲੜਕੇ ਨੇ ਅਜਿਹੀ ਕਿਸੇ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ। ਘਟਨਾ ਦੀ ਸੂਚਨਾ ਤੋਂ ਬਾਅਦ ਦੇਰ ਰਾਤ ਮੌਕੇ 'ਤੇ ਪੁੱਜੇ ਥਾਣਾ ਭਾਰਗੋ ਕੈਂਪ ਦੇ ਡਿਊਟੀ ਅਫਸਰ ਸੁਖਰਾਜ ਨੇ ਕਿਹਾ ਕਿ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਵਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।