ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰਬਰ ਸੱਤ ਦੀ ਪੁਲਿਸ ਨੇ ਕੁਝ ਦਿਨ ਪਹਿਲਾਂ ਡੀਸੀ ਨਗਰ ਦੀ ਰਹਿਣ ਵਾਲੀ ਅੌਰਤ ਦਾ ਪਰਸ ਖੋਹ ਕੇ ਫਰਾਰ ਹੋਏ ਨੌਜਵਾਨ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਕਾਬੂ ਕਰਕੇ ਉਸ ਕੋਲੋਂ ਪਰਸ ਤੇ ਉਸ ਵਿੱਚ ਪਏ ਤਿੰਨ ਮੋਬਾਈਲ ਬਰਾਮਦ ਤਕ ਲਿਆ ਹੈ। ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ 30 ਮਈ ਨੂੰ ਉਨ੍ਹਾਂ ਨੂੰ ਹਰਮਨਜੀਤ ਕੌਰ ਵਾਸੀ ਡੀਸੀ ਨਗਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੇ ਘਰ ਦੇ ਬਾਹਰ ਐਕਟਿਵਾ 'ਤੇ ਕਿਧਰੇ ਜਾਣ ਲਈ ਨਿਕਲੀ। ਹਾਲੇ ਉਹ ਆਪਣਾ ਗੇਟ ਬੰਦ ਕਰ ਰਹੀ ਸੀ ਕਿ ਬਾਈਕ 'ਤੇ ਆਇਆ ਇੱਕ ਨੌਜਵਾਨ ਉਸ ਦੀ ਐਕਟਿਵਾ ਉੱਪਰ ਪਿਆ ਪਰਸ ਚੁੱਕ ਕੇ ਫਰਾਰ ਹੋ ਗਿਆ, ਪਰਸ ਵਿੱਚ ਤਿੰਨ ਮੋਬਾਈਲ ਤੇ ਹੋਰ ਸਾਮਾਨ ਸੀ। ਪੁਲਿਸ ਨੇ ਹਰਮਨਜੀਤ ਕੌਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਘਟਨਾ ਵਾਲੀ ਥਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਕਤ ਪਰਸ ਚੁੱਕਦਾ ਹੋਇਆ ਬਾਈਕ ਸਵਾਰ ਕੈਮਰੇ ਵਿੱਚ ਕੈਦ ਹੋਇਆ ਮਿਲ ਗਿਆ। ਬਾਈਕ ਦੇ ਨੰਬਰ ਦੇ ਆਧਾਰ 'ਤੇ ਪੁਲਿਸ ਨੇ ਉਕਤ ਨੌਜਵਾਨ ਦੀ ਪਹਿਚਾਣ ਮੰਗਲ ਸਿੰਘ ਵਾਸੀ ਚੱਕ ਕਲਾਂ ਨਕੋਦਰ ਦੇ ਰੂਪ ਵਿੱਚ ਕੀਤੀ। ਸ਼ਨੀਵਾਰ ਨੂੰ ਏਐੱਸਆਈ ਕਮਲਜੀਤ ਸਿੰਘ ਨੇ ਮੰਗਲ ਸਿੰਘ ਨੂੰ ਕਾਬੂ ਕਰਕੇ ਉਕਤ ਪਰਸ ਅਤੇ ਪਰਸ ਵਿੱਚੋਂ ਮੌਜੂਦ ਤਿੰਨ ਮੋਬਾਈਲ ਬਰਾਮਦ ਕਰ ਲਏ। ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਕੋਲੋਂ ਪੁੱਛਗਿੱਛ ਲਈ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਮੰਗਲ ਸਿੰਘ ਖ਼ਿਲਾਫ਼ ਇਸ ਤੋਂ ਪਹਿਲਾਂ ਵੀ ਕਈ ਥਾਣਿਆਂ ਵਿੱਚ ਅਪਰਾਧਿਕ ਮਾਮਲੇ ਦਰਜ ਹਨ।