ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰਬਰ ਦੋ ਦੀ ਹੱਦ ਵਿਚ ਪੈਂਦੇ ਪੁਰਾਣੀ ਸਬਜ਼ੀ ਮੰਡੀ ਲਾਗੇ ਪਾਈਪ ਫਿਟਿੰਗ ਨਾਲ ਲੱਦੇ ਹੋਏ ਟਰੱਕ ਵਿਚੋਂ ਬੁੱਧਵਾਰ ਰਾਤ ਚੋਰਾਂ ਨੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਟਰਾਂਸਪੋਟਰ ਸੰਤੋਖ ਸਿੰਘ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਉਨ੍ਹਾਂ ਨੇ ਆਪਣੇ ਇਕ ਟਰੱਕ ਵਿਚ ਪਾਈਪ ਫਿਟਿੰਗ ਦਾ ਸਾਮਾਨ ਲੱਦਿਆ ਸੀ, ਜਿਸ ਨੂੰ ਵੀਰਵਾਰ ਟਰੱਕ ਡਰਾਈਵਰ ਨੇ ਲੈ ਕੇ ਜਾਣਾ ਸੀ। ਬੁੱਧਵਾਰ ਰਾਤ ਉਨ੍ਹਾਂ ਨੇ ਆਪਣਾ ਟਰੱਕ ਪੁਰਾਣੀ ਸਬਜ਼ੀ ਮੰਡੀ ਦੇ ਲਾਗੇ ਖੜ੍ਹਾ ਕਰ ਦਿੱਤਾ। ਵੀਰਵਾਰ ਸਵੇਰੇ ਜਦ ਉਨ੍ਹਾਂ ਦਾ ਕਰਿੰਦਾ ਟਰੱਕ ਕੋਲ ਪਹੁੰਚਿਆ ਤਾਂ ਟਰੱਕ ਵਿਚ ਪਿਆ ਤਕਰੀਬਨ ਢਾਈ ਲੱਖ ਰੁਪਏ ਦਾ ਸਾਮਾਨ ਗਾਇਬ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਇੰਸਪੈਕਟਰ ਅਜਾਇਬ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਸੰਤੋਖ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਸਬਜ਼ੀ ਮੰਡੀ ਜਿੱਥੇ ਟਰੱਕ ਖੜ੍ਹਾ ਸੀ, ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਜਲਦ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ।