ਗੁਰਮੀਤ ਸਿੰਘ ਜਲੰਧਰ : ਥਾਣਾ ਭਾਰਗੋ ਕੈਂਪ ਦੇ ਅਧੀਨ ਪੈਂਦੇ ਮਾਡਲ ਹਾਊਸ ਨਜ਼ਦੀਕ ਜੱਲੋਵਾਲ ਆਬਾਦੀ ਵਿਖੇ ਲਾਲੀ ਮੋਬਾਈਲ ਸ਼ਾਪ 'ਚ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਦੁਕਾਨ ਮਾਲਕ ਕਿ੍ਸ਼ਨ ਲਾਲ ਵਾਸੀ ਦਸਮੇਸ਼ ਨਗਰ ਨੇ ਦੱਸਿਆ ਕਿ ਉਹ ਬੁੱਧਵਾਰ ਰਾਤ ਨੂੰ ਦੁਕਾਨ ਬੰਦ ਕਰ ਘਰ ਚਲਾ ਗਿਆ। ਵੀਰਵਾਰ ਸਵੇਰੇ 8 ਵਜੇ ਜਦ ਉਸ ਨੇ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਦੁਕਾਨ ਅੰਦਰ ਸਾਮਾਨ ਖਿੱਲਰਿਆ ਪਿਆ ਸੀ ਅਤੇ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦਾ ਮੂੰਹ ਉੱਪਰ ਨੂੰ ਕੀਤਾ ਹੋਇਆ ਸੀ। ਦੁਕਾਨ ਉੱਪਰ ਬਣੇ ਹੋਏ ਦਫਤਰ ਦੇ ਦਰਵਾਜ਼ੇ ਦਾ ਤਾਲਾ ਤੋੜਿਆ ਹੋਇਆ ਸੀ। ਚੋਰ ਦੁਕਾਨ ਅੰਦਰ ਵੜ ਕੇ ਦੁਕਾਨ 'ਚ ਪਏ ਸਾਮਾਨ ਅਤੇ ਗੱਲੇ 'ਚ ਪਈ ਨਕਦੀ ਲੈ ਕੇ ਚਲੇ ਗਏ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਸਦਾ ਤਕਰੀਬਨ 50 ਹਜ਼ਾਰ ਦਾ ਨੁਕਸਾਨ ਹੋਇਆ ਹੈ। ਸੀਸੀਟੀਵੀ ਕੈਮਰੇ 'ਚ ਚੋਰਾਂ ਦੀ ਫੁਟੇਜ ਕੈਦ ਹੋ ਗਈ। ਏਐੱਸਆਈ ਸ਼ਿੰਗਾਰਾ ਸਿੰਘ ਨੇ ਕੈਮਰੇ ਦੀ ਫੁਟੇਜ ਚੈਕ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।