ਅਮਰਜੀਤ ਸਿੰਘ ਵੇਹਗਲ, ਜਲੰਧਰ

ਤਾਲਾਬੰਦ ਘਰਾਂ 'ਚੋਂ ਸਾਮਾਨ ਚੋਰੀ ਕਰਨ ਵਾਲਾ ਸਾਮਾਨ ਸਮੇਤ ਕਾਬੂ ਕਰਨ ਉਪਰੰਤ ਪੁਲਿਸ ਹਵਾਲੇ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਸੁਰਜੀਤ ਗਿੱਲ ਦੱਸਿਆ ਕਿ ਫਰੈਂਡਜ਼ ਕਾਲੋਨੀ ਦੇ ਮਕਾਨ ਨੰਬਰ 32 'ਚ ਕੇਅਰਟੇਕਰ ਵਜੋਂ ਰਹਿ ਰਹੇ ਉਮੇਸ਼ ਕਪੂਰ ਪੁੱਤਰ ਲੇਟ ਬਲਦੇਵ ਕਪੂਰ ਦੇ ਤਾਲਾਬੰਦ ਘਰ ਵਿਚੋਂ ਸਿਖਰ ਦੁਪਹਿਰੇ ਚੋਰ ਘਰ ਦੀ ਕੰਧ ਟੱਪ ਕੇ ਅੰਦਰੋਂ ਸਾਮਾਨ ਚੋਰੀ ਕਰ ਰਿਹਾ ਸੀ। ਕਿਸੇ ਨੇ ਉਸ ਨੂੰ ਕੰਧ ਟੱਪਦਿਆਂ ਦੇਖ ਕੇ ਉਮੇਸ਼ ਕਪੂਰ ਨੂੰ ਸੂਚਿਤ ਕੀਤਾ। ਉਹ ਕੰਮ ਤੋਂ ਘਰ ਵਾਪਸ ਪਰਤਿਆ ਤਾਂ ਉਸ ਸਮੇਂ ਚੋਰ ਐੱਲਈਡੀ ਤੇ 2 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਫਰਾਰ ਹੋਣ ਲੱਗਾ ਸੀ ਕਿ ਉਸ ਵੱਲੋਂ ਲੋਕਾਂ ਦੀ ਸਹਾਇਤਾ ਨਾਲ ਉਸ ਨੂੰ ਕਾਬੂ ਕਰਕੇ ਮੌਕੇ 'ਤੇ ਪੁੱਜੇ ਏਐੱਸਆਈ ਸਤਨਾਮ ਸਿੰਘ ਦੇ ਹਵਾਲੇ ਕੀਤਾ। ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਪੰਕਜ ਕੁਮਾਰ ਵਾਸੀ ਕਾਜ਼ੀ ਮੁਹੱਲਾ ਨੇੜੇ ਖਿੰਗਰਾ ਗੇਟ ਵਜੋਂ ਹੋਈ ਹੈ ਜਿਸ ਮੋਟਰਸਾਈਕਲ 'ਤੇ ਚੋਰ ਆਇਆ ਸੀ ਉਹ ਬਿਨਾਂ ਨੰਬਰੀ ਮੋਟਰਸਾਈਕਲ ਵੀ ਚੋਰੀ ਦਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਬਰਾਮਦ ਹੋਏ ਮੋਟਰਸਾਈਕਲ ਦੇ ਚੈਸੀ ਨੰਬਰ ਤੋਂ ਮਾਲਕ ਦੀ ਪਛਾਣ ਕੀਤੀ ਜਾਵੇਗੀ। ਕਾਬੂ ਕੀਤੇ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਲਜ਼ਮ ਵਿਰੁੱਧ ਪਹਿਲਾਂ ਵੀ ਥਾਣਾ ਡਵੀਜ਼ਨ ਨੰਬਰ 3, 8 ਤੇ 5 ਤੇ 3 ਜਲੰਧਰ 'ਚ ਕਲੰਦਰੇ ਤਹਿਤ ਕੇਸ ਦਰਜ ਹਨ।