ਰਾਕੇਸ਼ ਗਾਂਧੀ, ਜਲੰਧਰ : ਕੋਵਿੰਦ 19 ਕਾਰਨ ਕਮਿਸਨਰੇਟ ਪੁਲਿਸ ਵੱਲੋਂ ਸਾਰੇ ਸ਼ਹਿਰ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਪਰ ਫਿਰ ਵੀ ਚੋਰ ਕਮਿਸ਼ਨਰੇਟ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਰੋਜ਼ਾਨਾ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਹਾਲੇ ਪਿਛਲੇ ਦਿਨੀਂ ਹੀ ਵਿਜੈ ਨਗਰ ਵਿੱਚ ਇੱਕ ਸੀਏ ਦੇ ਘਰ ਹੋਈ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਹਾਲੇ ਪੁਲਿਸ ਹੱਲ ਵੀ ਨਹੀਂ ਕਰ ਸਕੀ ਕਿ ਅੱਜ ਥਾਣਾ ਨੰਬਰ ਅੱਠ ਦੇ ਇਲਾਕੇ ਵਿੱਚ ਪੈਂਦੇ ਸਰਾਭਾ ਨਗਰ ਵਿੱਚ ਉਸ ਵੇਲੇ ਚੋਰਾਂ ਨੇ ਇੱਕ ਘਰ ਵਿੱਚ ਘਟਨਾ ਨੂੰ ਅੰਜਾਮ ਦੇ ਦਿੱਤਾ ਜਦ ਘਰ ਦੇ ਮਾਲਿਕ ਆਪਣੇ ਰਿਸ਼ਤੇਦਾਰੀ ਵਿੱਚ ਅੰਮਿ੍ਤਸਰ ਗਏ ਹੋਏ ਸਨ। ਚੋਰਾਂ ਨੇ ਘਰ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣਿਆਂ ਤੇ ਹੱਥ ਸਾਫ ਕਰ ਲਿਆ। ਹਰਜੀਤ ਸਿੰਘ ਵਾਸੀ ਸਰਾਭਾ ਨਗਰ ਨੇ ਦੱਸਿਆ ਕਿ ਉਹ ਆਪਣੀ ਭੈਣ ਕੋਲ ਅੰਮਿ੍ਤਸਰ ਗਏ ਹੋਏ ਸਨ ਅਤੇ ਘਰ ਵਿਚ ਤਾਲੇ ਲੱਗੇ ਹੋਏ ਸਨ। ਮੰਗਲਵਾਰ ਸਵੇਰੇ ਜਦ ਉਹ ਘਰ ਵਾਪਸ ਪਰਤੇ ਤਾਂ ਘਰ ਦੇ ਤਾਲੇ ਟੁੱਟੇ ਪਏ ਸਨ ਅਤੇ ਅੰਦਰ ਅਲਮਾਰੀਆਂ ਦੇ ਲਾਕ ਵੀ ਟੁੱਟੇ ਪਏ ਸਨ। ਚੋਰ ਘਰ ਦੀਆਂ ਅਲਮਾਰੀਆਂ ਵਿੱਚੋਂ 2 ਲੱਖ ਰੁਪਏ ਦੀ ਨਕਦੀ ਸੋਨੇ ਦੀ ਅੰਗੂਠੀ, ਚੇਨ ਅਤੇ ਹੋਰ ਕੀਮਤੀ ਸਮਾਨ ਕੱਢ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਜੋ ਮਾਮਲੇ ਦੀ ਜਾਂਚ ਕਰ ਰਹੀ ਹੈ।