ਅਵਤਾਰ ਰਾਣਾ, ਮੱਲ੍ਹੀਆਂ ਕਲਾਂ

ਵੀਰਵਾਰ ਰਾਤ ਅੱਡਾ ਮੱਲ੍ਹੀਆਂ ਕਲਾਂ ਵਿਖੇ ਚੋਰ ਗਿਰੋਹ ਨੇ ਧਾਵਾ ਬੋਲਿਆ ਤੇ ਰੈਡੀਮੇਡ ਗਾਰਮੈਂਟ ਦੀ ਦੁਕਾਨ ਵਿੱਚੋਂ ਕੱਪੜੇ ਲੈ ਉੱਡੇ ਅਤੇ ਨਾਲ ਹੀ ਤਿੰਨ ਹੋਰ ਦੁਕਾਨਾਂ ਦੇ ਤਾਲੇ ਤੋੜੇ ਪਰ ਉਥੋਂ ਲਿਜਾ ਕੁਝ ਨਹੀਂ ਸਕੇ।

ਜਾਣਕਾਰੀ ਅਨੁਸਾਰ ਵਰਮਾ ਰੈਡੀਮੇਡ ਦੀ ਦੁਕਾਨ 'ਚੋਂ ਚੋਰਾਂ ਨੇ ਤਾਲੇ ਤੋੜ ਕੇ ਲੇਡੀ ਸੂਟ, ਟੀ ਸ਼ਰਟਾਂ, ਪੈਂਟਾਂ ਤੋਂ ਇਲਾਵਾ ਕਰੀਬ 4500 ਸੌ ਰੁਪਏ ਦੀ ਨਕਦੀ 'ਤੇ ਹੱਥ ਸਾਫ ਕਰ ਦਿੱਤਾ। ਨਾਲ ਹੀ ਉਨ੍ਹਾਂ ਨੇ ਹਨੀ ਸੁਪਰ ਮਾਰਕੀਟ, ਰਾਜੂ ਫਰੂਟ ਸ਼ਾਪ, ਦਾਸ ਫਰੂਟ ਸ਼ਾਪ ਦੇ ਵੀ ਤਾਲੇ ਤਾਂ ਤੋੜੇ ਪਰ ਉਹ ਸ਼ਟਰਾਂ ਦੇ ਸੈਂਟਰ ਲਾਕ ਨੂੰ ਨਹੀਂ ਤੋੜ ਸਕੇ ਜਿਸ ਕਾਰਨ ਇਨ੍ਹਾਂ ਦੁਕਾਨਾਂ ਦਾ ਬਚਾਅ ਹੋ ਗਿਆ। ਚੋਰਾਂ ਨੇ ਵਰਮਾ ਜਿਊਲਰ ਦੇ ਤਾਲੇ ਵੀ ਤੋੜਨ ਦੀ ਕੋਸ਼ਿਸ਼ ਕੀਤੀ ਜੋ ਕਿ ਉਨ੍ਹਾਂ ਕੋਲੋਂ ਨਹੀਂ ਟੁੱਟੇ।

ਵਰਮਾ ਰੈਡੀਮੇਡ ਦੇ ਮਾਲਕ ਰਵਿੰਦਰ ਵਰਮਾ ਨੇ ਕਿਹਾ ਕਿ ਉਸ ਦਾ ਕਰੀਬ 50 ਹਜ਼ਾਰ ਦੇ ਕਰੀਬ ਨੁਕਸਾਨ ਹੋਇਆ ਹੈ। ਇਨ੍ਹਾਂ ਵਾਰਦਾਤਾਂ ਤੋਂ ਉਪਰੰਤ ਚੋਰ ਜਾਂਦੇ ਹੋਏ ਚਾਰਦੀਵਾਰੀ ਦੇ ਅੰਦਰ ਸੁੱਤੇ ਪਏ ਪਰਵਾਸੀ ਮਜ਼ਦੂਰਾਂ ਦੇ 4 ਮੋਬਾਈਲ ਵੀ ਚੋਰੀ ਕਰ ਕੇ ਲੈ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਚੌਕੀ ਇੰਚਾਰਜ ਉੱਗੀ ਪਰਮਜੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਆਪਣੀ ਕਾਰਵਾਈ ਆਰੰਭੀ। ਇੰਚਾਰਜ ਪਰਮਜੀਤ ਸਿੰਘ ਨੇ ਕਿਹਾ ਕਿ ਉਹ ਰਾਤ ਬਾਰਾਂ-ਇਕ ਵਜੇ ਦੇ ਕਰੀਬ ਅੱਡਾ ਮੱਲ੍ਹੀਆਂ ਕਲਾਂ ਵਿਖੇ ਗਸ਼ਤ ਕਰਕੇ ਗਏ ਸਨ। ਇਸ ਵਾਰਦਾਤ ਨੂੰ ਅੰਜਾਮ ਇਸ ਮਗਰੋਂ ਹੀ ਚੋਰਾਂ ਵੱਲੋਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਰੋਜ਼ ਦਿਨ ਅਤੇ ਰਾਤ ਦੀ ਗਸ਼ਤ ਜਾਰੀ ਰਹਿੰਦੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਅੱਡੇ ਉੱਪਰ ਚੌਕੀਦਾਰ ਰੱਖਣ ਦੀ ਅਪੀਲ ਕੀਤੀ। ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੇ ਮੋਬਾਈਲਾਂ ਦੀ ਲੋਕੇਸ਼ਨ ਰਾਹੀਂ ਚੋਰਾਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਰਾਂ ਨੂੰ ਜਲਦੀ ਹੀ ਟਰੇਸ ਕਰ ਲਿਆ ਜਾਵੇਗਾ। ਸੀਸੀ ਫੁਟੇਜ ਦੇਖਣ ਤੋਂ ਪਤਾ ਚੱਲਦਾ ਹੈ ਕਿ ਚੋਰੀ ਦੀ ਵਾਰਦਾਤ ਨੂੰ ਤਿੰਨ ਵਜੇ ਦੇ ਕਰੀਬ ਅੰਜਾਮ ਦਿੱਤਾ ਗਿਆ ਹੈ।

ਵਰਨਣਯੋਗ ਹੈ ਕਿ ਉੱਗੀ ਪੁਲਿਸ ਵੱਲੋਂ ਦਿਨ ਰਾਤ ਗਸ਼ਤ ਜਾਰੀ ਰਹਿੰਦੀ ਹੈ ਪਰ ਸ਼ਾਤਰ ਚੋਰ ਫਿਰ ਵੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਹਨ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਨਕੋਦਰ ਵਿਖੇ ਲਾਲ ਬਾਦਸ਼ਾਹ ਜੀ ਦਾ ਮੇਲਾ ਚੱਲ ਰਿਹਾ ਹੈ ਤੇ ਉਥੋਂ ਹੀ ਆਏ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।