ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਪਿੰਡ ਕੰਧਾਲਾ ਗੁਰੂ ਵਿਖੇ ਦਿ ਜਲੰਧਰ ਸੈਂਟਰਲ ਕੋਆਪ੍ਰੇਟਿਵ ਬੈਂਕ 'ਚੋਂ ਬੀਤੀ ਰਾਤ ਚਾਰ ਚੋਰਾਂ ਵੱਲੋ 12 ਲੱਖ 25 ਹਜ਼ਾਰ ਰੁਪਏ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਬੈਂਕ ਦੇ ਮੈਨੇਜਰ ਸੁਖਦੇਵ ਰਾਜ ਨੇ ਦੱਸਿਆ ਕਿ ਉਹ ਬਤੌਰ ਮੈਨੇਜਰ ਬੈਂਕ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ 3 ਦਸੰਬਰ ਦੀ ਸ਼ਾਮ 5 ਵਜੇ ਬਾਕੀ ਬੈਂਕ ਮੁਲਾਜ਼ਮਾਂ ਦੇ ਨਾਲ 12 ਲੱਖ 25 ਹਜ਼ਾਰ ਰੁਪਏ ਦੇ ਕਰੀਬ ਨਕਦੀ ਸੇਫ ਹਾਊਸ ਵਿੱਚ ਰੱਖ ਕੇ ਬੈਂਕ ਬੰਦ ਕਰਕੇ ਆਪਣੇ ਘਰ ਚਲੇ ਗਏ।

ਸੁਖਦੇਵ ਰਾਜ ਨੇ ਦੱਸਿਆ ਕਿ 4 ਦਸੰਬਰ ਸਵੇਰੇ 9.30 ਵਜੇ ਬੈਂਕ ਵਿੱਚ ਤਾਇਨਾਤ ਗਾਰਡ ਸੁਖਵੀਰ ਸਿੰਘ ਨੇ ਫੋਨ 'ਤੇ ਜਾਣਕਾਰੀ ਦਿੱਤੀ ਕਿ ਬੈਂਕ ਦੇ ਬਾਹਰ ਮੇਨ ਗੇਟ ਦੇ ਨਾਲ ਅਲਮਾਰੀ ਦੀਆਂ ਗਰਿੱਲਾਂ ਟੁੱਟੀਆਂ ਹੋਈਆਂ ਹਨ ਜਿਸ ਤੋਂ ਤੁਰੰਤ ਬਾਅਦ ਬੈਂਕ ਵਿੱਚ ਪਹੁੰਚਦੇ ਹੋਏ ਬੈਂਕ ਦਾ ਮੁੱਖ ਦਰਵਾਜ਼ਾ ਖੋਲਿ੍ਆ ਤਾਂ ਦੇਖਿਆ ਕਿ ਬੈਂਕ ਦੇ ਸਟਰਾਂਗ ਰੂਮ ਦੇ ਕਮਰੇ ਦੀ ਕੰਧ ਨੂੰ ਪਾੜਦੇ ਹੋਏ ਸੇਫ ਨੂੰ ਅੰਦਰੋਂ ਤੇ ਬਾਹਰੋਂ ਕਟਰ ਨਾਲ ਕੱਟ ਕੇ ਸੇਫ ਹਾਊਸ ਵਿੱਚ ਪਏ 12 ਲੱਖ 25 ਹਜ਼ਾਰ ਰੁਪਏ ਲੈ ਕੇ ਚੋਰ ਰਫੂਚੱਕਰ ਹੋ ਗਏ।

ਮੈਨੇਜਰ ਸੁਖਦੇਵ ਰਾਜ ਨੇ ਦੱਸਿਆ ਕਿ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਦੇਖਿਆ ਕਿ ਬੈਂਕ ਵਿੱਚ ਦਾਖਲ ਹੋ ਕੇ ਚੋਰੀ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਚਾਰ ਸੀ।

ਜਾਣਕਾਰੀ ਮਿਲਣ 'ਤੇ ਚੌਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ ਬੈਂਕ ਮੈਨੇਜਰ ਸੁਖਦੇਵ ਰਾਜ ਕੋਲੋਂ ਜਾਣਕਾਰੀ ਹਾਸਲ ਕਰਨ ਉਪਰੰਤ ਮੁਕੱਦਮਾ ਦਰਜ ਕਰ ਕੇ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਚੋਰਾਂ ਵੱਲੋਂ ਛੱਡੇ ਗਏ ਸਾਮਾਨ ਅਤੇ ਸੀਸੀਟੀਵੀ ਫੁਟੇਜ ਨੂੰ ਦੇਖਦੇ ਹੋਏ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਪੈਸੇ ਚੋਰੀ ਕਰਨ ਵਾਲੇ ਵਿਅਕਤੀਆਂ ਦੀ ਭਾਲ ਲਈ ਡਾਗ ਸਕੁਐਡ ਟੀਮ ਅਤੇ ਫਿੰਗਰ ਪ੍ਰਿੰਟ ਟੀਮ ਦੇ ਮਾਹਰਾਂ ਵੱਲੋ ਵੀ ਤਫਤੀਸ਼ ਕੀਤੀ ਗਈ।

ਪੁਲਿਸ ਨੇ ਛਾਪੇਮਾਰੀ ਲਈ ਬਣਾਈਆਂ ਟੀਮਾਂ

ਮਾਮਲੇ ਸਬੰਧੀ ਥਾਣਾ ਮੁਖੀ ਨਰੇਸ਼ ਕੁਮਾਰ ਜੋਸ਼ੀ ਨੇ ਦੱਸਿਆ ਕਿ ਚੋਰੀ ਕਰਨ ਵਾਲੇ 4 ਵਿਅਕਤੀਆਂ ਨੂੰ ਗਿ੍ਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜੋਸ਼ੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਚੋਰੀ ਕਰਨ ਵਾਲੇ ਸਾਰੇ ਵਿਅਕਤੀਆਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਅਤੇ ਫੁਟੇਜ ਦੇ ਅਧਾਰ ਤੇ ਸਕੈਚ ਬਣਾਏ ਜਾ ਰਹੇ ਹਨ ਅਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਉਕਤ ਵਿਅਕਤੀਆਂ ਨੂੰ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ।