ਰਾਕੇਸ਼ ਗਾਂਧੀ, ਜਲੰਧਰ : ਥਾਣਾ-2 ਦੀ ਹੱਦ 'ਚ ਪੈਂਦੇ ਬਾਬਾ ਬੰਦਾ ਬਹਾਦਰ ਨਗਰ 'ਚ ਸਥਿਤ ਕਾਰ ਸੇਲ ਪਰਚੇਜ਼ ਡੀਲਰ ਦੇ ਘਰ ਚੋਰਾਂ ਨੇ ਉਸ ਵੇਲੇ ਧਾਵਾ ਬੋਲ ਦਿੱਤਾ ਜਦੋਂ ਸਾਰਾ ਪਰਿਵਾਰ ਛੁੱਟੀ ਮਨਾਉਣ ਲਈ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਹੋਇਆ ਸੀ।

ਜਾਣਕਾਰੀ ਦਿੰਦੇ ਹੋਏ ਆਕਾਸ਼ ਪੁੱਤਰ ਸਤੀਸ਼ ਕੁਮਾਰ ਵਾਸੀ ਬਾਬਾ ਬੰਦਾ ਬਹਾਦਰ ਨਗਰ ਨੇ ਦੱਸਿਆ ਕਿ ਦੋ ਦਿਨ ਸਕੂਲਾਂ 'ਚ ਛੁੱਟੀ ਹੋਣ ਕਾਰਨ ਉਹ ਪਰਿਵਾਰ ਸਮੇਤ ਆਪਣੇ ਰਿਸ਼ਤੇਦਾਰਾਂ ਦੇ ਘਰ ਗਏ ਹੋਏ ਸਨ। ਵੀਰਵਾਰ ਸ਼ਾਮ ਜਦੋਂ ਉਹ ਘਰ ਵਾਪਸ ਪਰਤੇ ਤਾਂ ਅੰਦਰ ਜਾਂਦਿਆਂ ਹੀ ਉਨ੍ਹਾਂ ਦੇ ਹੋਸ਼ ਉੱਡ ਗਏ, ਕਿਉਂਕਿ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰ ਅਲਮਾਰੀ 'ਚ ਪਏ ਚਾਰ ਲੱਖ ਰੁਪਏ ਨਗਦ ਤੇ ਲੱਖਾਂ ਰੁਪਏ ਦੇ ਗਹਿਣਿਆਂ ਸਮੇਤ ਕਾਫੀ ਕੀਮਤੀ ਸਾਮਾਨ ਵੀ ਚੋਰੀ ਕਰ ਕੇ ਲੈ ਗਏ। ਆਕਾਸ਼ ਨੇ ਦੱਸਿਆ ਕਿ ਚੋਰ ਗੇਟ ਦੇ ਨਾਲ ਵਾਲੀ ਕੰਧ ਟੱਪ ਕੇ ਅੰਦਰ ਆਏ ਤੇ ਤਾਲੇ ਤੋੜਨ ਤੋਂ ਬਾਅਦ ਬੜੇ ਆਰਾਮ ਨਾਲ ਘਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ-2 ਦੇ ਮੁਖੀ ਇੰਸਪੈਕਟਰ ਰਾਜੇਸ਼ ਸ਼ਰਮਾ ਫਿੰਗਰ ਪਿ੍ਰੰਟ ਮਾਹਿਰਾਂ ਦੀ ਟੀਮ ਮੌਕੇ 'ਤੇ ਪੁੱਜੀ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਘਰ ਦੇ ਨਾਲ ਸਥਿਤ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ। ਫਿਲਹਾਲ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।