ਜੇਐੱਨਐੱਨ/ਗੁਰਪ੍ਰੀਤ ਸਿੰਘ ਬਾਹੀਆ, ਜਲੰਧਰ : ਫਗਵਾੜਾ ਰੋਡ 'ਤੇ ਸਥਿਤ ਪੰਜਾਬੀ ਗਾਇਕ ਗੈਰੀ ਸੰਧੂ ਦੇ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਫ੍ਰੈੱਸ਼ ਕੁਲੈਕਸ਼ਨ ਨੂੰ ਨਿਸ਼ਾਨਾ ਬਣਾ ਕੇ ਚੋਰਾਂ ਨੇ ਤਿੰਨ ਹਜ਼ਾਰ ਦੇ ਲਗਪਗ ਰੈਡੀਮੇਡ ਕੱਪੜੇ ਸਮੇਤ 20 ਹਜ਼ਾਰ ਦੀ ਨਕਦੀ 'ਤੇ ਹੱਥ ਸਾਫ ਕਰ ਦਿੱਤਾ। ਸ਼ਨਿਚਰਵਾਰ ਤੇ ਐਤਵਾਰ ਦੀ ਵਿਚਕਾਰਲੀ ਰਾਤ ਨੂੰ ਹੋਈ ਚੋਰੀ ਦੀ ਇਹ ਵਾਰਦਾਤ ਸ਼ੋਅਰੂਮ ਦੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਹਾਲਾਂਕਿ ਫੁਟੇਜ ਇੰਨੀ ਸਾਫ ਨਹੀਂ ਹੈ ਕਿ ਚੋਰਾਂ ਦੀ ਪਛਾਣ ਹੋ ਸਕੇ ਪਰ ਉਸ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਤਿੰਨ ਵਿਅਕਤੀ ਆਏ ਸਨ ਜੋ ਸ਼ੋਅਰੂਮ ਦੇ ਸ਼ਟਰ ਨੂੰ ਕਿਸੇ ਜੈੱਕਨੁਮਾ ਚੀਜ਼ ਰਾਹੀਂ ਉਪਰ ਚੁੱਕਦੇ ਉਸ ਵਿਚ ਦਿਖਾਈ ਦਿੱਤੇ ਅਤੇ ਇਕ ਘੰਟੇ 'ਚ ਸ਼ੋਅਰੂਮ ਨੂੰ ਖਾਲੀ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ।

ਥਾਣਾ ਕੈਂਟ ਦੇ ਏਐੱਸਾਈ ਰਾਮ ਲੁਭਾਇਆ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਗਾਇਕ ਗੈਰੀ ਸੰਧੂ ਅਤੇ ਅੰਕੁਰ ਅਗਰਵਾਲ ਭਾਈਵਾਲੀ 'ਚ ਫ੍ਰੈੱਸ਼ ਕੁਲੈਕਸ਼ਨ ਦੇ ਨਾਂ 'ਤੇ ਰਾਜ ਦੇ ਵੱਖ-ਵੱਖ ਸ਼ਹਿਰਾਂ ਵਿਚ ਰੈਡੀਮੇਡ ਕੱਪੜਿਆਂ ਦੇ ਸਟੋਰ ਚਲਾਉਂਦੇ ਹਨ। ਫ੍ਰੈੱਸ਼ ਕੁਲੈਕਸ਼ਨ ਜਲੰਧਰ 'ਚ ਮੈਕਡੀ ਨੇੜੇ ਸਰਵਿਸ ਲੇਨ 'ਤੇ ਸਥਿਤ ਸ਼ੋਅਰੂਮ ਦੇ ਮੈਨੇਜਰ ਸੁਰਿੰਦਰ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਐਤਵਾਰ ਸਵੇਰੇ ਰੋਜ਼ ਵਾਂਗ ਜਦੋਂ ਉਹ ਉਕਤ ਸਟੋਰ 'ਚ ਪਹੁੰਚਿਆ ਤਾਂ ਉਸ ਦੇ ਸ਼ਟਰ ਦੇ ਕੁੰਡਿਆਂ 'ਤੇ ਤਾਲੇ ਤਾਂ ਲੱਗੇ ਸਨ ਪਰ ਸ਼ਟਰ ਥੱਲੇ ਤੋਂ ਉਖੜਿਆ ਹੋਇਆ ਸੀ। ਉਹ ਤੁਰੰਤ ਸ਼ਟਰ ਚੁੱਕ ਕੇ ਅੰਦਰ ਦਾਖਲ ਹੋਏ ਤਾਂ ਦੇਖਿਆ ਕਿ ਸਟੋਰ ਵਿਚ ਰੱਖੇ ਗਏ ਸਾਰੇ ਰੈਡੀਮੇਡ ਕੱਪੜੇ ਗਾਇਬ ਸਨ ਜਦਕਿ ਸਟੋਰ ਦਾ ਗੱਲਾ ਵੀ ਖੁੱਲ੍ਹਾ ਹੋਇਆ ਸੀ ਜਿਸ ਵਿਚ ਰੱਖੀ 20 ਹਜ਼ਾਰ ਦੀ ਨਕਦੀ ਗਾਇਬ ਸੀ। ਮੈਨੇਜਰ ਮੁਤਾਬਕ ਚੋਰੀ ਹੋਈ ਕੱਪੜਿਆਂ ਦੀ ਗਿਣਤੀ ਤਿੰਨ ਹਜ਼ਾਰ ਦੇ ਲਗਪਗ ਹੈ ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਹੈ।

ਏਐੇੱਸਆਈ ਨੇ ਦੱਸਿਆ ਕਿ ਉਕਤ ਸ਼ਿਕਾਇਤ ਤੇ ਸੀਸੀਟੀਵੀ ਫੁਟੇਜ ਨੂੰ ਦੇਖ ਕੇ ਮਾਮਲੇ ਦੀ ਜਾਂਚ ਕਰਦਿਆਂ ਥਾਣਾ ਕੈਂਟ 'ਚ ਅਣਪਛਾਤਿਆਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਚੋਰਾਂ ਦਾ ਪਤਾ ਲਗਾਉਣ ਲਈ ਹਾਈਵੇ 'ਤੇ ਸਥਿਤ ਹੋਰ ਸ਼ੋਅਰੂਮਜ਼ ਤੇ ਰੈਸਟੋਰੈਂਟਜ਼ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪੁਲਿਸ ਚੈੱਕ ਕਰ ਰਹੀ ਹੈ।

ਸ਼ੋਅਰੂਮ ਤੋਂ ਸਿਰਫ ਦਸ ਫੁੱਟ ਦੂਰੀ 'ਤੇ ਖੜ੍ਹੀ ਹੁੰਦੀ ਹੈ ਪੀਸੀਆਰ ਦੀ ਯੂਲੋ

ਸ਼ਹਿਰੀ ਪੁਲਿਸ ਦੇ ਖੇਤਰ 'ਚ ਆਉਂਦੇ ਉਕਤ ਸਟੋਰ ਤੋਂ ਸਿਰਫ ਦਸ ਫੁੱਟ ਦੀ ਦੂਰੀ 'ਤੇ ਰੂਟੀਨ 'ਚ ਪੀਸੀਆਰ ਦੀ ਗੱਡੀ ਯੂਲੋ 'ਤੇ ਪੁਲਿਸ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਰਹਿੰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਚੋਰਾਂ ਨੇ ਬਿਨਾਂ ਕਿਸੇ ਖੌਫ ਦੇ ਨਿਸ਼ਾਨਾ ਵੀ ਉਕਤ ਸਟੋਰ ਨੂੰ ਹੀ ਬਣਾਇਆ ਜਿਵੇਂ ਉਨ੍ਹਾਂ ਨੂੰ ਪਤਾ ਹੋਵੇ ਕਿ ਰੋਜ਼ ਸ਼ੋਅਰੂਮ ਤੋਂ ਦਸ ਫੁੱਟ ਦੂਰੀ 'ਤੇ ਸੁਰੱਖਿਆ ਨੂੰ ਪੁਖ਼ਤਾ ਰੱਖਣ ਲਈ ਖੜ੍ਹੀ ਹੋਣ ਵਾਲੀ ਪੁਲਿਸ ਦੀ ਗੱਡੀ ਸ਼ਨਿਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਖੜ੍ਹੀ ਨਹੀਂ ਹੋਵੇਗੀ।

Posted By: Seema Anand