ਰਾਕੇਸ਼ ਗਾਂਧੀ, ਜਲੰਧਰ

ਥਾਣਾ ਨੰ. ਛੇ ਦੀ ਹੱਦ ਵਿਚ ਪੈਂਦੇ ਮਾਡਲ ਟਾਊਨ ਵਿਚ ਰਹਿਣ ਵਾਲੇ ਇਕ ਆਟੋ ਚਾਲਕ ਦਾ ਮੁੰਡਾ ਘਰੋਂ ਸਾਮਾਨ ਲੈਣ ਲਈ ਗਿਆ ਪਰ ਘਰ ਵਾਪਸ ਨਹੀਂ ਪਰਤਿਆ ਤਾਂ ਪਰਿਵਾਰ ਵਾਲਿਆਂ ਵੱਲੋਂ ਇਸ ਦੀ ਸ਼ਿਕਾਇਤ ਥਾਣਾ ਨੰਬਰ ਛੇ ਵਿਚ ਕੀਤੀ ਗਈ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਜਿੰਦਰ ਕੁਮਾਰ ਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਉਹ ਭਾਰ ਵਾਲਾ ਆਟੋ ਚਲਾਉਂਦਾ ਹੈ ਅਤੇ ਉਸ ਦੇ ਤਿੰਨ ਬੱਚੇ ਹਨ। ਸਭ ਤੋਂ ਵੱਡਾ ਮੁੰਡਾ ਸੁਮਿਤ ਕੁਮਾਰ ਜੋ ਕਿ ਵਿੱਦਿਆ ਮੰਦਰ ਲਾਜਪਤ ਨਗਰ ਵਿਚ ਪੜ੍ਹਦਾ ਹੈ। ਸ਼ਨਿਚਰਵਾਰ ਦੁਪਹਿਰ ਤਿੰਨ ਵਜੇ ਦੇ ਕਰੀਬ ਘਰੋਂ 100 ਰੁਪਏ ਲੈ ਕੇ ਦੁਕਾਨ ਤੋਂ ਸਾਮਾਨ ਲੈਣ ਲਈ ਗਿਆ ਸੀ। ਉਹ ਆਟੋ ਲੈ ਕੇ ਆਪਣੇ ਕੰਮ 'ਤੇ ਚਲਾ ਗਿਆ। ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਉਸ ਦੀ ਪਤਨੀ ਸੁਮਿੱਤਰਾ ਦਾ ਫੋਨ ਆਇਆ ਕਿ ਸੁਮਿਤ ਘਰ ਵਾਪਸ ਨਹੀਂ ਆਇਆ ਤਾਂ ਉਹ ਪੰਜ ਵਜੇ ਦੇ ਕਰੀਬ ਘਰ ਪਹੁੰਚਿਆ। ਉਹ ਆਪਣੀ ਪਤਨੀ ਸੁਮਿਤਰਾ ਨਾਲ ਸੁਮਿਤ ਨੂੰ ਲੱਭਣ ਲਈ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਪਰ ਰਾਤ ਤਕ ਜਦੋਂ ਉਹ ਨਹੀਂ ਲੱਭਿਆ ਤਾਂ ਆਪਣੀ ਪਤਨੀ ਨਾਲ ਥਾਣੇ ਪਹੁੰਚਿਆ ਅਤੇ ਇਸ ਦੀ ਸ਼ਿਕਾਇਤ ਕੀਤੀ। ਰਜਿੰਦਰ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਕਿਸੇ ਗੱਲ ਤੋਂ ਉਸ ਨੇ ਸੁਮਿਤ ਨੂੰ ਿਝੜਕਿਆ ਸੀ ਪਰ ਸ਼ਨਿਚਰਵਾਰ ਅਜਿਹੀ ਕੋਈ ਗੱਲ ਨਹੀਂ ਹੋਈ। ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 346 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਸੁਮਿਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ।