ਰਾਕੇਸ਼ ਗਾਂਧੀ, ਜਲੰਧਰ : ਮਾਡਲ ਟਾਊਨ ਵਾਸੀ ਇਕ ਔਰਤ ਨੇ ਆਪਣੇ ਪਤੀ 'ਤੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚ ਕੇ ਆਪਣੇ ਦੋਸਤ ਦੇ ਵ੍ਹਟਸਐਪ 'ਤੇ ਭੇਜ ਕੇ ਉਸ ਦੇ ਫ਼ੋਨ ਤੋਂ ਅਸ਼ਲੀਲ ਚੈਟਿੰਗ ਕਰਨ ਬਾਅਦ 'ਚ ਫੋਟੋਆਂ ਵਾਇਰਲ ਕਰਨ ਦੀ ਧਮਕੀ ਦੇ ਕੇ ਆਪਣੇ ਜੀਜੇ ਨਾਲ ਨਾਜਾਇਜ਼ ਸਬੰਧ ਬਣਾਉਣ ਲਈ ਮਜ਼ਬੂਰ ਕਰਨ ਦੇ ਦੋਸ਼ ਲਾਏ ਹਨ। ਉਸ ਦਾ ਜੀਜਾ ਛੇ ਮਹੀਨੇ ਤਕ ਉਸ ਨੂੰ ਬਲੈਕਮੇਲ ਕਰ ਕੇ ਉਸ ਨਾਲ ਨਾਜਾਇਜ਼ ਸਬੰਧ ਬਣਾਉਂਦਾ ਰਿਹਾ। ਇਸ ਤੋਂ ਦੁਖੀ ਹੋ ਕੇ ਪੀੜਤ ਔਰਤ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਦਿੱਤੀ ਗਈ ਹੈ ਜਿਸ ਦੀ ਜਾਂਚ ਏਡੀਸੀਪੀ ਕਰਾਈਮ ਹਰਪ੍ਰੀਤ ਸਿੰਘ ਬੈਨੀਪਾਲ ਨੂੰ ਸੌਂਪੀ ਗਈ ਹੈ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਦਿੱਤੀ ਸ਼ਿਕਾਇਤ 'ਚ ਮਾਡਲ ਟਾਊਨ 'ਚ ਬੁਟੀਕ ਚਲਾਉਣ ਵਾਲੀ ਇਕ ਔਰਤ ਨੇ ਦੋਸ਼ ਲਾਏ ਹਨ ਕਿ ਉਸ ਦਾ ਪਤੀ ਜੋ ਕਿ ਮਾਡਲ ਟਾਊਨ ਵਿਚ ਪਹਿਲੇ ਕੱਪੜੇ ਦਾ ਕੰਮ ਕਰਦਾ ਸੀ ਤੇ ਹੁਣ ਜੁੱਤੀਆਂ ਦਾ ਸ਼ੋਅਰੂਮ ਚਲਾ ਰਿਹਾ ਹੈ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚ ਕੇ ਆਪਣੇ ਦੋਸਤ ਦੇ ਮੋਬਾਈਲ 'ਤੇ ਭੇਜ ਦਿੱਤੀਆਂ ਤੇ ਬਾਅਦ 'ਚ ਉਸ ਦੇ ਹੀ ਫੋਨ ਤੋਂ ਉਸ ਨਾਲ ਅਸ਼ਲੀਲ ਚੈਟਿੰਗ ਕੀਤੀ। ਫੋਟੋਆਂ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਕਰਨ ਲੱਗ ਪਿਆ। ਇਸ ਤੋਂ ਬਾਅਦ ਉਸ ਦੇ ਪਤੀ ਨੇ ਆਪਣੇ ਜੀਜਾ ਨਾਲ ਉਸ ਨੂੰ ਨਾਜਾਇਜ਼ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ। ਇਹ ਸਿਲਸਿਲਾ ਛੇ ਮਹੀਨੇ ਤਕ ਚੱਲਦਾ ਰਿਹਾ। ਉਸ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਪਤੀ ਖ਼ਿਲਾਫ਼ ਦਿੱਲੀ ਦੀ ਇਕ ਅੌਰਤ ਨਾਲ ਜਬਰ ਜਨਾਹ ਦਾ ਇਕ ਮਾਮਲਾ ਥਾਣਾ ਬਾਰਾਦਰੀ 'ਚ ਵੀ ਪੈਂਡਿੰਗ ਹੈ। ਪੁਲਿਸ ਕਮਿਸ਼ਨਰ ਵੱਲੋਂ ਇਸ ਦੀ ਜਾਂਚ ਏਡੀਸੀਪੀ ਕਰਾਈਮ ਜਗਪ੍ਰੀਤ ਸਿੰਘ ਬੈਨੀਪਾਲ ਨੂੰ ਦਿੱਤੀ ਗਈ ਹੈ ਜਿਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਆਪਣੇ ਦਫ਼ਤਰ 'ਚ ਸੱਦਿਆ ਹੈ। ਉਕਤ ਅੌਰਤ ਵੱਲੋਂ ਕਈ ਸਬੂਤ ਵੀ ਉਨ੍ਹਾਂ ਨੂੰ ਦਿੱਤੇ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਗੱਲਬਾਤ ਕੀਤੀ ਜਾਵੇਗੀ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Posted By: Tejinder Thind