ਅਮਰਜੀਤ ਸਿੰਘ ਵੇਹਗਲ, ਜਲੰਧਰ : ਜ਼ਮਾਨਤ 'ਤੇ ਆਏ ਚੋਰ ਨੇ ਇਕ ਬੰਦ ਪਏ ਘਰ 'ਚੋਂ ਚੋਰੀ ਕੀਤੀ, ਪਰ ਲੋਕਾਂ ਨੇ ਉਸ ਨੂੰ ਚੋਰੀ ਕਰ ਕੇ ਭੱਜਦੇ ਹੋਏ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਥਾਣਾ ਮਕਸੂਦਾਂ ਦੇ ਮੁਖੀ ਕੰਵਲਜੀਤ ਸਿੰਘ ਬਲ ਨੇ ਦੱਸਿਆ ਕਿ ਉਪਮੇਸ਼ ਕੁਮਾਰ ਪੁੱਤਰ ਸੁਰਿੰਦਰ ਸ਼ਰਮਾ ਵਾਸੀ ਮਕਾਨ ਨੰਬਰ 457, ਨਿਊ ਹਰਗੋਬਿੰਦ ਨਗਰ ਧੋਗੜੀ ਰੋਡ ਰੋਜ਼ਾਨਾ ਦੀ ਤਰਾਂ੍ਹ ਆਪਣੇ ਗੁਆਂਢੀਆਂ ਨੂੰ ਗੇਟ ਦੀ ਚਾਬੀ ਦੇ ਕੇ ਪਤਨੀ ਸਮੇਤ ਆਪਣੇ ਕੰਮ 'ਤੇ ਗਏ ਹੋਏ ਸੀ ਤਾਂ ਦੁਪਹਿਰ ਵਕਤ ਘਰ ਅੰਦਰ ਦਾਖ਼ਲ ਹੋਇਆ ਚੋਰ ਜਦ ਚੋਰੀ ਕਰਕੇ ਗੇਟ ਰਾਹੀਂ ਫ਼ਰਾਰ ਹੋਣ ਲੱਗਾ ਤਾਂ ਗੁਆਂਢੀ ਖੜਾਕਾ ਸੁਣ ਕੇ ਬਾਹਰ ਨਿਕਲੇ। ਚੋਰੀ ਕਰਕੇ ਫ਼ਰਾਰ ਹੁੰਦੇ ਚੋਰ ਨੂੰ ਵੇਖਣ 'ਤੇ ਗੁਆਂਢੀਆਂ ਨੇ ਰੌਲਾ ਪਾ ਦਿੱਤਾ ਤੇ ਲੋਕਾਂ ਨੇ ਚੋਰ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ। ਮੌਕੇ 'ਤੇ ਪੁੱਜੇ ਥਾਣਾ ਮਕਸੂਦਾਂ ਦੇ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਚੋਰ ਦੀ ਪਛਾਣ ਸੂਰਜ ਨੇਪਾਲੀ ਵਾਸੀ ਕਿਰਾਏਦਾਰ ਬੁਲੰਦਪੁਰ ਨੇੜੇ ਜੱਟਾਂ ਦਾ ਗੁਰਦੁਆਰਾ ਜਲੰਧਰ ਵਜੋਂ ਹੋਈ ਹੈ। ਜੋ ਕਿ ਕੁਝ ਦਿਨ ਪਹਿਲਾਂ ਹੀ ਥਾਣਾ ਡਵੀਜ਼ਨ-8 ਵਿਚ ਦਰਜ ਮੁਕੱਦਮੇ ਦੇ ਕੇਸ ਵਿੱਚ ਜੇਲ੍ਹ ਤੋਂ ਜ਼ਮਾਨਤ 'ਤੇ ਆਇਆ ਸੀ। ਪੁਲਿਸ ਨੇ ਚੋਰ ਵਲੋਂ ਚੋਰੀ ਕੀਤਾ ਗਿਆ ਇਕ ਸੋਨੇ ਦਾ ਟਿੱਕਾ, ਦੋ ਸੋਨੇ ਦੇ ਝੁਮਕੇ, ਇੱਕ ਸੋਨੇ ਦੀ ਨੱਥ, ਇਕ ਸੋਨੇ ਦੀ ਮੁੰਦਰੀ, ਇਕ ਸੋਨੇ ਦੀ ਚੈਨ, ਇਕ ਸੋਨੇ ਦਾ ਹਾਰ, ਇੱਕ ਚਾਂਦੀ ਦਾ ਝਾਂਜਰ ਜੋੜਾ, ਇੱਕ ਚਾਂਦੀ ਦੀ ਝਾਂਜਰ ਤੇ 267 ਰੁਪਏ ਨਕਦੀ ਬਰਾਮਦ ਕੀਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਚੋਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਜਿਸ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਕੋਲੋਂ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾ ਸਕੇ।