ਵਿਨੋਦ ਬੱਤਰਾ, ਬਿਲਗਾ

ਐਤਵਾਰ ਨੂੰ ਹੋਏ ਜ਼ਮੀਨੀ ਵਿਵਾਦ 'ਚ ਗੋਲੀ ਚੱਲਣ ਦੀ ਪੁਸ਼ਟੀ ਹੋ ਚੁੱਕੀ ਹੈ। ਇੱਥੋਂ ਦੇ ਨਜ਼ਦੀਕੀ ਪਿੰਡ ਕਾਦੀਆਂ ਵਿਖੇ ਜ਼ਮੀਨ 'ਚ ਬੀਜੀ ਹੋਈ ਕਣਕ ਦੀ ਕਟਾਈ ਨੂੰ ਲੈ ਕੇ ਜੋ ਵਿਵਾਦ ਹੋਇਆ ਸੀ ਉਸ ਬਾਰੇ ਸੰਤੋਖ ਪੁੱਤਰ ਸੁਦਾਗਰ ਸਿੰਘ ਵਾਸੀ ਪਿੰਡ ਪੁਆਦੜਾ ਨੇ ਦੱਸਿਆ ਕਿ ਇਹ 21 ਏਕੜ ਜ਼ਮੀਨ ਕਾਫੀ ਸਮੇਂ ਪਹਿਲਾਂ ਉਨ੍ਹਾਂ ਖ਼ਰੀਦੀ ਹੋਈ ਹੈ ਤੇ ਇਸ ਦਾ ਕੇਸ ਅਦਾਲਤ 'ਚ ਚੱਲ ਰਿਹਾ ਸੀ। ਅਦਾਲਤ ਵੱਲੋਂ ਕੇਸ ਦਾ ਫੈਸਲਾ ਉਨ੍ਹਾਂ ਦੇ ਹੱਕ 'ਚ ਹੋ ਚੁੱਕਿਆ ਹੈ। ਇਸ ਕਣਕ ਦੀ ਬਿਜਾਈ ਉਨ੍ਹਾਂ ਨੇ ਕੀਤੀ ਹੋਈ ਹੈ। ਅੱਜ ਜਦੋਂ ਉਹ ਇਸ ਕਣਕ ਦੀ ਕਟਾਈ ਕਰਨ ਲਈ ਗਏ ਤਾਂ ਪਿਆਰਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਭੁੱਲਰ ਵੀ ਆ ਗਏ ਤੇ ਕਣਕ ਦੀ ਕਟਾਈ ਨੂੰ ਲੈਕੇ ਝਗੜਾ ਹੋ ਗਿਆ। ਇਸ ਸਬੰਧ 'ਚ ਜਦੋਂ ਦੂਜੀ ਧਿਰ ਨਾਲ ਸੰਪਰਕ ਕੀਤਾ ਗਿਆ ਤਾਂ ਸੁਖਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਭੁੱਲਰ ਨੇ ਕਿਹਾ ਕਿ ਇਸ ਜ਼ਮੀਨ 'ਤੇ ਪਹਿਲਾਂ ਤੋਂ ਹੀ ਉਨ੍ਹਾਂ ਦਾ ਕਬਜ਼ਾ ਹੈ ਤੇ ਇਹ ਕਣਕ ਉਨ੍ਹਾਂ ਨੇ ਬੀਜੀ ਹੈ। ਸੁਦਾਗਰ ਸਿੰਘ ਕੁਝ ਸਾਥੀਆਂ ਸਮੇਤ ਕਣਕ ਵੱਢ ਰਿਹਾ ਸੀ ਤਾਂ ਜਦੋਂ ਉਸ ਨੂੰ ਰੋਕਿਆ ਤਾਂ ਉਸ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਵੀ ਆਪਣੇ ਬਚਾਅ ਲਈ ਮਜਬੂਰਨ ਆਪਣੀ ਲਾਇਸੰਸੀ ਰਾਇਫਲ ਨਾਲ ਹਵਾਈ ਫਾਇਰ ਕਰਨਾ ਪਿਆ। ਬਿਲਗਾ ਦੇ ਥਾਣਾ ਮੁਖੀ ਹਰਦੀਪ ਸਿੰਘ ਨੇ ਦੱਸਿਆ ਕਿ ਗੋਲੀ ਚਲਣ ਦੀ ਪੁਸ਼ਟੀ ਹੋ ਚੁੱਕੀ ਹੈ। ਹੁਣ ਤਕ ਦੋਨਾਂ ਧਿਰਾਂ ਵੱਲੋਂ ਬਿਆਨ ਦਰਜ ਨਹੀਂ ਕਰਵਾਏ ਗਏ ਪੁਲਿਸ ਵਲੋਂ ਜਾਂਚ ਜਾਰੀ ਹੈ। ਜਾਂਚ 'ਚ ਕਸੂਰਵਾਰ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।