ਜੇਐੱਨਐੱਨ, ਜਲੰਧਰ : ਪੰਜਾਬੀ ਜਾਗਰਣ ਵੱਲੋਂ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਵਿਖੇ ਕਰਵਾਏ ਜਾ ਰਹੇ ਦੋ ਦਿਨਾ ਸਮਾਗਮ 'ਕਾਫ਼ਲਾ ਕਲਮਾਂ ਦਾ' ਦੇ ਦੂਸਰੇ ਦਿਨ ਦਾ ਸ਼ੁਭਆਰੰਭ ਵੀ ਪੂਰੀ ਗਰਮਜੋਸ਼ੀ ਨਾਲ ਕੀਤਾ ਗਿਆ। ਦੂਸਰੇ ਦਿਨ ਦੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪੀਟੀਸੀ ਦੇ ਐੱਮਡੀ ਰਬਿੰਦਰਾ ਨਾਰਇਣ ਨੇ ਸ਼ਿਰਕਤ ਕੀਤੀ। ਰਬਿੰਦਰਾ ਨਾਰਾਇਣ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ ਡਾ. ਹਰਜੀਤ, ਡਾ. ਤਜਿੰਦਰ, ਡਾ. ਬਲਜੀਤ ਸਿੰਘ, ਪੰਮੀ ਬਾਈ, ਕਰਤਾਰ ਸਿੰਘ ਤੇ ਪ੍ਰਿੰਸੀਪਲ ਸਰਵਣ ਸਿੰਘ ਨੇ ਸ਼ਮ੍ਹਾਂ ਰੌਸ਼ਨ ਕਰਕੇ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ। ਪੰਜਾਬੀ ਜਾਗਰਣ ਅਦਾਰੇ ਵੱਲੋਂ ਸੀਜੀਐੱਮ ਮੋਹਿੰਦਰ ਕੁਮਾਰ, ਜੀਐੱਮ ਨੀਰਜ ਸ਼ਰਮਾ, ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਤੇ ਖਾਲਸਾ ਕਾਲਜ ਫਾਰ ਵਿਮਨ ਦੇ ਪ੍ਰਿੰਸੀਪਲ ਡਾ. ਨਵਜੋਤ ਵੱਲੋਂ ਇਨ੍ਹਾਂ ਸ਼ਖਸੀਅਤਾਂ ਦਾ ਸਵਾਗਤ ਕੀਤਾ ਗਿਆ ਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ।


ਦੂਸਰੇ ਦਿਨ ਦੇ ਪਹਿਲੇ ਸੈਸ਼ਨ ਦਾ ਆਰੰਭ 'ਪੰੰਜਾਬੀ ਨੌਜਵਾਨ ਬਨਾਮ ਸੋਸ਼ਲ ਮੀਡੀਆ' ਵਿਸ਼ੇ ਦੇ ਨਾਲ ਹੋਇਆ। ਡਾ. ਤਜਿੰਦਰ ਵਿਰਲੀ ਵੱਲੋਂ ਸੰਚਾਲਿਤ ਇਸ ਸੈਸ਼ਨ ਵਿਚ ਵਿਸ਼ਾ ਮਾਹਰ ਦੇ ਤੌਰ 'ਤੇ ਸੀਪੀ ਕੰਬੋਜ ਤੇ ਡਾ. ਗੁਰਪ੍ਰੀਤ ਲਹਿਲ ਨੇ ਵਿਚਾਰ ਚਰਚਾ ਕੀਤੀ। ਪੰਜਾਬੀ ਸਾਫਟਵੇਅਰ ਦੇ ਜਨਮਦਾਤਾ ਗੁਰਪ੍ਰੀਤ ਲਹਿਲ ਨੇ ਪੀਐੱਚਡੀ ਕਰਨ ਦੌਰਾਨ ਹੋਣ ਵਾਲੀਆਂ ਮੁਸ਼ਕਲਾਂ ਤੋਂ ਨਿਜਾਤ ਪਾਉਣ ਲਈ ਪੰਜਾਬੀ ਸਾਫਟਵੇਅਰ ਦੀ ਖੋਜ ਵੱਲ ਤੋਰਿਆ ਉਨ੍ਹਾਂ ਨੇ ਇਸ ਮੌਕੇ ਉਨ੍ਹਾਂ ਦੀ ਟੀਮ ਵੱਲੋਂ ਬਣਾਏ ਪੰਜਾਬੀ ਸਾਫਟਵੇਅਰ ਅੱਖਰ 2016 ਬਾਰੇ ਦੱਸਿਆ। ਜਿਸ ਰਾਹੀਂ ਊਰਦੁ ਤੋਂ ਹਿੰਦੀ, ਊਰਦੁ ਤੋਂ ਪੰਜਾਬੀ, ਸ਼ਾਹਮੁਖੀ ਤੋਂ ਗੁਰਮੁਖੀ, ਗੁਰਮੁਖੀ ਤੋਂ ਸ਼ਾਹਮੁਖੀ ਦੇ ਬਦਲਾਅ ਤੋਂ ਇਲਾਵਾ ਸਮਾਨਆਰਥਕ ਸ਼ਬਦਾਂ ਦੀ ਖੋਜ ਤੇ ਸ਼ਬਦ ਕੋਸ਼ ਦੇ ਭੰਡਾਰ ਇਸ ਸਾਫਟਵੇਅਰ ਵਿਚ ਮੌਜੂਦ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਾਫਟਵੇਅਰ ਬਨਾਉਣ ਦੌਰਾਨ ਆਈਆਂ ਚੁਣੌਤੀਆਂ ਬਾਰੇ ਵੀ ਤਜੁਰਬਾ ਸਾਂਝਾ ਕੀਤਾ।

Posted By: Sunil Thapa