ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰਬਰ ਅੱਠ ਦੀ ਪੁਲਿਸ ਨੇ ਟਾਂਡਾ ਰੋਡ ਤੋਂ ਰਿਕਸ਼ਾ ਸਵਾਰ ਵਿਅਕਤੀ ਦਾ ਮੋਬਾਈਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਦੋ ਨੌਜਵਾਨਾਂ ਵਿੱਚੋਂ ਇੱਕ ਨੂੰ ਕਾਬੂ ਕਰ ਕੇ ਉਸ ਕੋਲੋਂ ਖੋਹਿਆ ਹੋਇਆ ਮੋਬਾਈਲ ਅਤੇ ਵਾਰਦਾਤ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਜਦਕਿ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਪ੍ਰੀਤਮ ਸੋਨਕਰ ਵਾਸੀ ਕਿਸ਼ਨਗੜ੍ਹ ਜਦ ਰਿਕਸ਼ਾ 'ਤੇ ਜਾ ਰਿਹਾ ਸੀ ਤਾਂ ਟਾਂਡਾ ਰੋਡ ਲਾਗੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਹੱਥ ਵਿੱਚ ਫੜੇ ਮੋਬਾਈਲ ਨੂੰ ਝਪਟ ਲਿਆ ਅਤੇ ਮੋਟਰਸਾਈਕਲ ਤੇਜ਼ ਰਫਤਾਰ ਨਾਲ ਭਜਾਉਣ ਲੱਗੇ। ਕੁਝ ਦੂਰੀ ਤੇ ਹੀ ਪੁਲਸ ਦਾ ਨਾਕਾ ਲੱਗਾ ਹੋਇਆ ਸੀ ਜਿਸ ਨੂੰ ਦੇਖ ਕੇ ਖੋਹਬਾਜ਼ ਘਬਰਾ ਗਏ ਅਤੇ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਇਆ ਅਤੇ ਦੋਵੇਂ ਖੋਹਬਾਜ਼ ਹੇਠਾਂ ਡਿੱਗ ਪਏ। ਉਨ੍ਹਾਂ ਨੂੰ ਦੇਖ ਕੇ ਪੁਲਿਸ ਪਾਰਟੀ ਭੱਜ ਕੇ ਉਨ੍ਹਾਂ ਕੋਲ ਆਈ ਤਾਂ ਇੱਕ ਨੌਜਵਾਨ ਉੱਥੋਂ ਭੱਜ ਗਿਆ ਅਤੇ ਇੱਕ ਨੂੰ ਜਦ ਪੁਲਿਸ ਪਾਰਟੀ ਨੇ ਕਾਬੂ ਕੀਤਾ ਤਾਂ ਪਿੱਛੋਂ ਦੀ ਲੁੱਟ ਦਾ ਸ਼ਿਕਾਰ ਹੋਇਆ ਵਿਅਕਤੀ ਵੀ ਉਥੇ ਪਹੁੰਚ ਗਿਆ। ਜਿਸ ਨੇ ਪੁਲਿਸ ਪਾਰਟੀ ਨੂੰ ਆਪਣੇ ਨਾਲ ਹੋਈ ਲੁੱਟ ਬਾਰੇ ਦੱਸਿਆ ਅਤੇ ਉਸ ਨੌਜਵਾਨ ਦੀ ਪਹਿਚਾਣ ਕੀਤੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਮੋਬਾਈਲ ਬਰਾਮਦ ਕਰ ਲਿਆ। ਉਕਤ ਨੌਜਵਾਨ ਜਿਸ ਦੀ ਪਹਿਚਾਣ ਗੌਰਵ ਵਾਸੀ ਮਧੂਬਨ ਕਾਲੋਨੀ ਦੇ ਰੂਪ ਵਿਚ ਹੋਈ ਹੈ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਕੋਲੋਂ ਉਸ ਦੇ ਸਾਥੀ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਦੂਸਰਾ ਫ਼ਰਾਰ ਨੌਜਵਾਨ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

Posted By: Susheel Khanna