ਮਨਜੀਤ ਸ਼ੇਮਾਰੂ, ਜਲੰਧਰ

ਕੋਵੀਸ਼ੀਲਡ ਦਾ ਸਟਾਕ ਨਾ ਹੋਣ ਦੀ ਵਜ੍ਹਾ ਨਾਲ ਲੋਕਾਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੈਂਟਰਾਂ 'ਤੇ ਤਾਲਾ ਲੱਗਾ ਰਿਹਾ। ਕੋਰੋਨਾ ਨੂੰ ਹਰਾਉਣ ਲਈ ਵੈਕਸੀਨ ਲਗਵਾਉਣ ਪ੍ਰਤੀ ਲੋਕਾਂ ਵਿਚ ਉਤਸ਼ਾਹ ਘੱਟ ਨਹੀਂ ਹੋ ਰਿਹਾ। ਵੈਕਸੀਨ ਦਾ ਸਟਾਕ ਖਤਮ ਹੋਣ ਦੇ ਬਾਅਦ ਬੁੱਧਵਾਰ ਨੂੰ ਸੈਂਟਰਾਂ 'ਤੇ ਤਾਲੇ ਲੱਗੇ ਰਹਿਣਗੇ। ਸੋਮਵਾਰ ਰਾਤ ਨੂੰ ਕੋਵੀਸ਼ੀਲਡ ਦੀ ਇਕ ਹਜ਼ਾਰ ਡੋਜ਼ ਆਉਣ ਤੋਂ ਬਾਅਦ ਮੰਗਲਵਾਰ ਨੂੰ ਸਿਵਲ ਹਸਪਤਾਲ ਦੇ ਨਰਸਿੰਗ ਸਕੂਲ ਵਿਚ ਕੋਵੀਸ਼ੀਲਡ ਤੇ ਹੋਰ ਸੈਂਟਰਾਂ ਵਿਚ ਕੋਵੈਕਸੀਨ ਦੀ ਡੋਜ਼ ਲੱਗੀ। ਲੋਕਾਂ ਨੇ ਸੁੱਖ ਦਾ ਸਾਹ ਲਿਆ। ਮੀਂਹ ਦੇ ਬਾਵਜੂਦ ਲੋਕਾਂ ਦੇ ਉਤਸ਼ਾਹ ਕਾਰਨ ਸਵੇਰ ਤੋਂ ਹੀ ਸੈਂਟਰਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਦੁਪਹਿਰ ਨੂੰ ਹੁੰਮਸ ਵਿਚ ਵੀ ਲੋਕ ਵੈਕਸੀਨ ਲਾਉਣ ਦੇ ਇੰਤਜ਼ਾਰ 'ਚ ਖੜ੍ਹੇ ਰਹੇ। ਮੰਗਲਵਾਰ ਦੁਪਹਿਰ ਕਰੀਬ 1.30 ਵਜੇ ਵੈਕਸੀਨ ਖਤਮ ਹੋਣ ਦੇ ਬਾਅਦ ਲਾਈਨਾਂ 'ਚ ਖੜ੍ਹੇ ਕਰੀਬ ਸਵਾ ਸੌ ਲੋਕਾਂ ਨੂੰ ਨਿਰਾਸ਼ ਪਰਤਣਾ ਪਿਆ। ਹਾਲਾਂਕਿ ਸੈਂਟਰਾਂ 'ਚ 620 ਲੋਕਾਂ ਨੂੰ ਕੋਵੀਸ਼ੀਲਡ ਦੀ ਡੋਜ਼ ਲਾਈ ਗਈ। ਜ਼ਿਲ੍ਹੇ 'ਚ 13 ਸੈਂਟਰਾਂ 'ਚ 3900 ਲੋਕਾਂ ਨੂੰ ਵੈਕਸੀਨ ਲੱਗੀ। ਸਿਵਲ ਹਸਪਤਾਲ ਦੇ ਨਰਸਿੰਗ ਸਕੂਲ 'ਚ ਆਏ ਸਮਰ ਦਾ ਕਹਿਣਾ ਹੈ ਕਿ ਸਰਕਾਰ ਨੂੰ ਯੋਜਨਾਬੱਧ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ। ਸਿਸਟਮ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਜ਼ੁਰਗਾਂ ਲਈ ਵਿਸ਼ੇਸ਼ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਕਿ ਬਜ਼ੁਰਗ ਨਾਗਰਿਕਾਂ ਨੂੰ ਪਹਿਲ ਦੇ ਆਧਾਰ 'ਤੇ ਵੈਕਸੀਨ ਲਾਈ ਜਾ ਸਕੇ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਇਸ ਸਮੇਂ ਸਿਹਤ ਵਿਭਾਗ ਦੇ ਸਟਾਕ 'ਚ ਕੋਵੀਸ਼ੀਲਡ ਦਾ ਸਟਾਕ ਖਤਮ ਹੈ ਕੋਵੈਕਸੀਨ ਦੀਆਂ 120 ਡੋਜ਼ ਪਈਆਂ ਹਨ ਵਿਭਾਗ ਨੂੰ ਡਿਮਾਂਡ ਭੇਜ ਦਿੱਤੀ ਗਈ ਹੈ ਤੇ ਹੁਣ ਤਕ ਕੋਈ ਜਵਾਬ ਨਹੀਂ ਆਇਆ।

--

4 ਕੋਰੋਨਾ ਪ੍ਰਭਾਵਿਤਾਂ 'ਚ ਦੋ ਸਾਲ ਦਾ ਬੱਚਾ ਵੀ ਸ਼ਾਮਲ

ਜਲੰਧਰ : ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਘਟਣ ਕਾਰਨ ਬਾਜ਼ਾਰਾਂ ਵਿਚ ਫਿਰ ਤੋਂ ਰੌਣਕ ਆਉਣ ਲੱਗੀ ਹੈ ਤੇ ਲੋਕੀਂ ਸੁੱਖ ਦਾ ਸਾਹ ਲੈਣ ਲੱਗੇ ਹਨ। ਮੰਗਲਵਾਰ ਨੂੰ ਦੋ ਸਾਲ ਦੇ ਬੱਚੇ ਸਮੇਤ ਚਾਰ ਕੋਰੋਨਾ ਦੇ ਮਰੀਜ਼ ਰਿਪੋਰਟ ਕੀਤੇ ਗਏ। ਕੋਈ ਵੀ ਅੌਰਤ ਪਾਜ਼ੀਟਿਵ ਨਹੀਂ ਆਈ ਤੇ ਨਾ ਕਿਸੇ ਮਰੀਜ਼ ਦੀ ਮੌਤ ਹੋਈ। 10 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਘਰ ਪੁੱਜੇ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੈਨਾ ਦੇ ਪੁਲਿਸ ਥਾਣਾ-4 ਤੋਂ ਇਕ ਮੁਲਾਜ਼ਮ, ਅਵਤਾਰ ਨਗਰ, ਰਾਜ ਨਗਰ ਤੇ ਕੰਨੀਆਂ ਕਲਾਂ ਤੋਂ ਇਕ-ਇਕ ਮਰੀਜ਼ ਆਇਆ।