ਮਨਜੀਤ ਸ਼ੇਮਾਰੂ, ਜਲੰਧਰ

ਕੋਰੋਨਾ ਵੈਕਸੀਨ ਲਗਾਉਣ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਘੱਟ ਨਹੀਂ ਹੋ ਰਿਹਾ। ਵੀਰਵਾਰ ਨੂੰ ਮੈਗਾ ਮੁਹਿੰਮ ਦੌਰਾਨ 50 ਹਜ਼ਾਰ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗਣ ਨਾਲ ਜ਼ਿਲ੍ਹੇ 'ਚ ਵੈਕਸੀਨ ਲਗਵਾਉਣ ਵਾਲਿਆਂ ਲੋਕਾਂ ਦਾ ਅੰਕੜਾ 1802026 ਪੁੱਜ ਗਿਆ ਹੈ। ਇਸ 'ਚ ਕੋਵਾ ਐਪ ਦੇ ਮਾਧਿਅਮ ਰਾਹੀਂ ਲੱਗੀ 1.11 ਲੱਖ ਡੋਜ਼ ਵੀ ਸ਼ਾਮਲ ਹੈ। ਜਦਕਿ ਜ਼ਿਲ੍ਹਾ ਪ੍ਰਸ਼ਾਸਨ 17 ਲੱਖ ਡੋਜ਼ ਪਾਰ ਕਰਨ ਦੀ ਗੱਲ ਕਰ ਰਿਹਾ ਹੈ। ਟੀਕਾਕਰਨ ਨੂੰ ਲੈ ਕੇ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅੰਕੜਿਆਂ ਵਿਚ 1.11 ਲੱਖ ਡੋਜ਼ ਦਾ ਫਰਕ ਹੈ।

ਸਿਹਤ ਵਿਭਾਗ ਦੇ ਸਟੋਰ ਵਿਚ ਬੁੱਧਵਾਰ ਰਾਤ 60 ਹਜ਼ਾਰ ਕੋਵੀਸ਼ੀਲਡ ਦੀ ਡੋਜ਼ ਦੇ ਨਾਲ ਸਰਿੰਜਾਂ ਪੁੱਜਣ ਨਾਲ ਸਿਹਤ ਵਿਭਾਗ ਨੇ ਸੁੱਖ ਦਾ ਸਾਹ ਲਿਆ। ਸਿਹਤ ਵਿਭਾਗ ਨੇ ਵੀਰਵਾਰ ਨੂੰ ਜ਼ਿਲ੍ਹੇ 'ਚ 207 ਸਰਕਾਰੀ ਤੇ ਗੈਰ ਸਰਕਾਰੀ ਸੈਂਟਰਾਂ ਤੇ ਕੋਰੋਨਾ ਵੈਕਸੀਨ ਲਾਈ। ਸੈਂਟਰਾਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਹਾਲਾਂਕਿ ਕੁਝ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਵੀਰਵਾਰ ਨੂੰ ਮੈਗਾ ਟੀਕਾਕਰਨ ਮੁਹਿੰਮ ਤਹਿਤ 60 ਹਜ਼ਾਰ ਡੋਜ਼ ਲਗਾਉਣ ਤੋਂ ਬਾਅਦ ਅੰਕੜਾ 17 ਲੱਖ ਪਾਰ ਹੋ ਜਾਵੇਗਾ। ਟੀਕਾਕਰਨ ਮੁਹਿੰਮ 16 ਜਨਵਰੀ ਨੂੰ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਨੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ।

ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਵਿਭਾਗ ਵੱਲੋਂ 1.11 ਲੱਖ ਡੋਜ਼ ਕੋਵਾ ਐਪ ਦੇ ਮਾਧਿਅਮ ਰਾਹੀਂ ਲਾਈ ਗਈ। 20 ਜੂਨ ਨੂੰ ਪੰਜਾਬ ਸਰਕਾਰ ਦੀ ਐਪ ਬੰਦ ਹੋਣ ਤੋਂ ਬਾਅਦ ਸਾਰਿਆਂ ਨੂੰ ਕੋਵਿੰਨ ਐਪ ਵੱਲੋਂ ਰਜਿਸਟ੍ਰੇਸ਼ਨ ਤੋਂ ਟੀਕਾਕਰਨ ਹੋ ਰਿਹਾ ਹੈ। ਦੋਵਾਂ ਦੇ ਅੰਕੜੇ ਰਲਾ ਕੇ ਹੁਣ ਤਕ ਦਾ ਕੁੱਲ ਅੰਕੜਾ 18,02,026 ਦੇ ਕਰੀਬ ਹੈ। ਜਦਕਿ ਕੋਵਿੰਨ ਐਪ ਮੁਤਾਬਕ 17 ਲੱਖ ਦੇ ਕਰੀਬ ਹੈ। 207 ਸੈਂਟਰਾਂ 'ਤੇ 50 ਹਜ਼ਾਰ ਲੋਕਾਂ ਨੂੰ ਵੈਕਸੀਨ ਲੱਗੀ। ਵਿਭਾਗ ਦੇ ਸੈਂਟਰਾਂ 'ਤੇ 10 ਹਜ਼ਾਰ ਦੇ ਕਰੀਬ ਡੋਜ਼ ਬਚੀ ਹੈ। ਜੋ ਸ਼ੁੱਕਰਵਾਰ ਨੂੰ ਲਾਈ ਜਾਵੇਗੀ। ਸ਼ੁੱਕਰਵਾਰ ਨੂੰ ਡੋਜ਼ ਤੇ ਸਰਿੰਜਾਂ ਦੀ ਸਪਲਾਈ ਆਵੇਗੀ।

--

48 ਦਿਨਾਂ ਵਿਚ 21 ਬੱਚੇ ਆਏ ਕੋਰੋਨਾ ਦੀ ਲਪੇਟ 'ਚ

ਜਲੰਧਰ : ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਉਤਾਰ-ਚੜ੍ਹਾਅ ਦਾ ਸਿਲਸਿਲਾ ਜਾਰੀ ਹੈ। ਬੱਚੇ ਵੀ ਕੋਰੋਨਾ ਦੀ ਲਪੇਟ 'ਚ ਆਉਣ ਲੱਗੇ ਹਨ। ਪਿਛਲੇ 48 ਦਿਨਾਂ 'ਚ ਜ਼ਿਲ੍ਹੇ ਵਿਚ 18 ਸਾਲ ਦੇ ਉਮਰ ਤਕ ਦੇ 21 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਵੀਰਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਐੱਨਆਰਡੀਟੀਐੱਲ ਦੇ ਵੱਲੋਂ ਸੈਂਪਲਾਂ ਦੀ ਰਿਪੋਰਟ ਨਹੀਂ ਆਈ। ਬੱਚੇ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਰਿਪੋਰਟ ਨਿੱਜੀ ਲੈਬ ਤੋਂ ਵਿਭਾਗ ਨੂੰ ਮਿਲੀ। ਕੋਰੋਨਾ ਨਾਲ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ, ਜਦਕਿ ਤਿੰਨ ਲੋਕ ਕੋਰੋਨਾ ਤੋਂ ਜੰਗ ਜਿੱਤ ਕੇ ਘਰ ਪੁੱਜੇ।