ਮਨਜੀਤ ਸ਼ੇਮਾਰੂ, ਜਲੰਧਰ : ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਸਿਫਰ ਹੋਣ 'ਤੇ ਪਹੁੰਚਣ ਤੋਂ ਬਾਅਦ ਫਿਰ ਤੋਂ ਵਧਣ ਲੱਗੀ ਹੈ। ਪਿਛਲੇ ਤਿੰਨ ਦਿਨ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਚਾਰ ਗੁਣਾ ਵੱਧ ਗਈ। ਵੀਰਵਾਰ ਨੂੰ ਜ਼ਿਲ੍ਹੇ ਵਿਚ ਚਾਰ ਮਰੀਜ਼ ਰਿਪੋਰਟ ਹੋਏ। ਸੈਨਾ ਦੇ ਹਸਪਤਾਲ ਤੋਂ ਦੋ ਅਤੇ ਲੱਦੇਵਾਲੀ ਤੇ ਕਰਤਾਰਪੁਰ ਤੋਂ ਇਕ-ਇਕ ਮਾਮਲਾ ਸ਼ਾਮਲ ਹੈ, ਜਦਕਿ ਮੰਗਲਵਾਰ ਨੂੰ ਮਰੀਜ਼ਾਂ ਦੀ ਗਿਣਤੀ ਸਿਫਰ ਅਤੇ ਬੁੱਧਵਾਰ ਨੂੰ ਦੋ ਸੀ। ਵੀਰਵਾਰ ਨੂੰ ਕੋਰੋਨਾ ਨਾਲ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ। ਦੋ ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਘਰ ਪਹੁੰਚੇ। ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਇਕ ਵਾਰ ਖ਼ਤਰਾ ਫਿਰ ਵੱਧ ਸਕਦਾ ਹੈ। ਲੋਕਾਂ ਨੂੰ ਤਿਉਹਾਰ ਦੀ ਖ਼ੁਸ਼ੀ ਬਣਾਈ ਰੱਖਣ ਦੇ ਨਾਲ ਕੋਰੋਨਾ ਤੋਂ ਬਚਾਅ ਲਈ ਮਾਸਕ, ਦੋ ਗਜ ਦੀ ਸਰੀਰਕ ਦੂਰੀ ਅਤੇ ਹੱਥਾਂ ਨੂੰ ਬਾਰ-ਬਾਰ ਧੌਣ ਜਿਹੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

---------

ਅੱਜ ਦੁਸਹਿਰੇ ਦੇ ਦਿਨ ਨਹੀਂ ਲੱਗੇਗੀ ਕੋਰੋਨਾ ਵੈਕਸੀਨ

ਜਲੰਧਰ : ਵੈਕਸੀਨ ਦਾ ਸਟਾਕ ਵਧਣ ਦੇ ਨਾਲ ਹੀ ਵੈਕਸੀਨ ਲਗਵਾਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੋ ਗਈ ਹੈ। ਸ਼ੁੱਕਰਵਾਰ ਨੂੰ ਦੁਸਹਿਰੇ ਦੇ ਦਿਨ ਸਰਕਾਰੀ ਛੁੱਟੀ ਦੇ ਚਲਦਿਆਂ ਵੈਕਸੀਨ ਦੀ ਡੋਜ਼ ਨਹੀਂ ਲੱਗੇਗੀ। ਵੀਰਵਾਰ ਨੂੰ ਜ਼ਿਲ੍ਹੇ ਵਿਚ 12462 ਲੋਕਾਂ ਨੂੰ ਵੈਕਸੀਨ ਦੀ ਡੋਜ਼ ਲੱਗੀ। ਸਿਹਤ ਵਿਭਾਗ ਨੇ ਡੋਜ਼ ਦੀ ਗਿਣਤੀ ਵਧਾਉਣ ਲਈ ਬਲਾਕ ਪੱਧਰ 'ਤੇ ਹੋਮਵਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਵੈਕਸੀਨ ਡੋਜ਼ ਦੀ ਗਿਣਤੀ ਘੱਟ ਹੋਣ ਦੇ ਮਾਮਲੇ ਨੂੰ ਅਧਿਕਾਰੀਆਂ ਨੇ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ। 90 ਫ਼ੀਸਦੀ ਪਹਿਲੀ ਡੋਜ਼ ਅਤੇ 36 ਫ਼ੀਸਦੀ ਦੇ ਕਰੀਬ ਦੋਵੇਂ ਡੋਜ਼ ਲੱਗ ਚੁੱਕੀ ਹੈ। ਦੂਜੀ ਡੋਜ਼ ਲਗਵਾਉਣ ਵਾਲੇ ਲੋਕਾਂ ਤਕ ਪਹੁੰਚ ਕਰਨ ਲਈ ਸਿਹਤ ਵਿਭਾਗ ਨੇ ਰਣਨੀਤੀ ਤਿਆਰ ਕਰਨਾ ਸ਼ੁਰੂ ਕਰ ਦਿੱਤੀ ਹੈ। ਵਿਭਾਗ ਵੱਲੋਂ ਬਲਾਕ ਪੱਧਰ 'ਤੇ ਪਹਿਲੀ ਡੋਜ਼ ਤੋਂ ਬਾਅਦ 84 ਦਿਨ ਪੂਰੇ ਹੋਣ ਵਾਲੇ ਲੋਕਾਂ ਨਾਲ ਸੰਪਰਕ ਮੁਹਿੰਮ ਚਲਾਈ ਜਾਵੇਗੀ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਕਿਹਾ ਕਿ ਵਿਭਾਗ ਦੇ ਸਟੋਰ ਅਤੇ ਸੈਂਟਰਾਂ ਵਿਚ ਚਾਲੀ ਹਜ਼ਾਰ ਦੇ ਕਰੀਬ ਡੋਜ਼ ਪਈ ਹੈ। ਤਿਉਹਾਰਾਂ ਦੇ ਸੀਜ਼ਨ ਦੇ ਚਲਦਿਆਂ ਲੋਕ ਸੈਂਟਰਾਂ 'ਤੇ ਘੱਟ ਪਹੁੰਚ ਰਹੇ ਹਨ। ਅਗਲੇ ਹਫ਼ਤੇ ਵਿਭਾਗ ਬਲਾਕ ਪੱਧਰ 'ਤੇ ਮੁਹਿੰਮ ਚਲਾ ਕੇ ਡੋਜ਼ ਲਗਵਾਉਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਕਰੇਗਾ।