ਇਸ਼ਤਿਹਾਰ ਮਾਫੀਆ ਤੇ ਨਿਗਮ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਲੱਗ ਰਹੀਆਂ ਗੈਰਕਾਨੂੰਨੀ ਹੋਰਡਿੰਗ ਤੇ ਸਕ੍ਰੀਨਾਂ
ਇਸ਼ਤਿਹਾਰ ਮਾਫੀਆ ਤੇ ਨਿਗਮ ਮੁਲਾਜ਼ਮਾਂ ਦਾ ਨੇਕਸਸ ਲਗਵਾ ਰਿਹਾ ਗੈਰਕਾਨੂੰਨੀ ਹੋਰਡਿੰਗ ਤੇ ਸਕ੍ਰੀਨਾਂ, ਹਰ ਮਹੀਨੇ ਲੱਖਾਂ ਦੀ ਕਮਾਈ
Publish Date: Thu, 06 Nov 2025 11:10 PM (IST)
Updated Date: Thu, 06 Nov 2025 11:13 PM (IST)

ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦਾ ਇਸ਼ਤਿਹਾਰ ਠੇਕਾ ਨਾ ਹੋਣ ਕਾਰਨ ਪਿਛਲੇ 10 ਸਾਲਾਂ ’ਚ 100 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਇਸ ਦੇ ਪਿੱਛੇ ਇਸ਼ਤਿਹਾਰ ਮਾਫੀਆ ਦਾ ਦਬਾਅ ਵੀ ਕਾਰਗਰ ਰਿਹਾ ਹੈ। ਇਸ਼ਤਿਹਾਰ ਮਾਫੀਆ ਤੇ ਨਗਰ ਨਿਗਮ ਦੇ ਕੁਝ ਮੁਲਾਜ਼ਮਾਂ ਦੀ ਮਿਲੀਭੁਗਤ ਕਾਰਨ ਪਹਿਲਾਂ ਗੈਰਕਾਨੂੰਨੀ ਬੋਰਡ-ਹੋਰਡਿੰਗ ਲੱਗਦੇ ਸਨ, ਹੁਣ ਐੱਲਈਡੀ ਸਕ੍ਰੀਨਾਂ ਨੇ ਉਨ੍ਹਾਂ ਦੀ ਥਾਂ ਲੈ ਲਈ ਹੈ। ਐੱਲਈਡੀ ਸਕ੍ਰੀਨਾਂ ਲਈ ਜਗ੍ਹਾ ਤੇ ਕਿਰਾਇਆ ਨਿਗਮ ਵੱਲੋਂ ਤੈਅ ਕੀਤਾ ਜਾਣਾ ਚਾਹੀਦਾ ਹੈ ਪਰ ਨਿਗਮ ਦਾ ਸਟਾਫ ਆਪਣੀ ਮਰਜ਼ੀ ਨਾਲ ਵਸੂਲੀ ਕਰ ਰਿਹਾ ਹੈ। ਕਈ ਸਾਲਾਂ ਤੋਂ ਵਿਗਿਆਪਨ ਮਾਫੀਆ ਸ਼ਹਿਰ ’ਚ ਸਰਗਰਮ ਹੈ। ਸ਼ਹਿਰ ’ਚ ਲੱਗਣ ਵਾਲੇ ਬੋਰਡ, ਬੈਨਰ ਤੇ ਹੋਰਡਿੰਗਾਂ ਦੀ ਫੀਸ ਵੀ ਸਟਾਫ ਦੀ ਮਰਜ਼ੀ ਨਾਲ ਵਸੂਲ ਕੀਤੀ ਜਾਂਦੀ ਹੈ। ਮਾਡਲ ਟਾਊਨ ’ਚ ਲੱਗੀਆਂ ਸਕ੍ਰੀਨਾਂ ਦੇ ਪਿੱਛੇ ਵੀ ਇਸ਼ਤਿਹਾਰੀ ਬ੍ਰਾਂਚਾਂ ਦੇ ਮੁਲਾਜ਼ਮਾਂ ਦੀ ਹੀ ਭੂਮਿਕਾ ਹੈ, ਜੋ ਇਸ ਕੰਮ ਲਈ ਹਰ ਮਹੀਨੇ ਲੱਖਾਂ ਰੁਪਏ ਵਸੂਲ ਕਰ ਰਹੇ ਹਨ। ਵੱਡੀਆਂ ਕੰਪਨੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਉਤਪਾਦਾਂ ਦਾ ਪ੍ਰਚਾਰ ਸ਼ਹਿਰ ਦੇ ਪੌਸ਼ ਇਲਾਕਿਆਂ ’ਚ ਹੋਵੇ, ਇਸ ਲਈ ਮਾਫੀਆ ਦਾ ਟਾਰਗੇਟ ਮਾਡਲ ਟਾਊਨ, ਅਰਬਨ ਅਸਟੇਟ, ਲਾਜਪਤ ਨਗਰ, ਛੋਟੀ ਬਾਰਾਦਰੀ ਤੇ ਆਲੇ ਦੁਆਲੇ ਦੀਆਂ ਕਾਲੋਨੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ, ਬੱਸ ਸਟੈਂਡ ਨੇੜੇ ਦਾ ਪੂਰਾ ਇਲਾਕਾ ਇਸ਼ਤਿਹਾਰ ਦੇ ਹਿਸਾਬ ਨਾਲ ਹਾਟ ਏਰੀਆ ਮੰਨਿਆ ਜਾਂਦਾ ਹੈ। ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਤੇ ਚੌਕਾਂ ’ਤੇ ਬਿਨਾਂ ਮਨਜ਼ੂਰੀ ਇਸ਼ਤਿਹਾਰ ਬੋਰਡ ਲੱਗੇ ਹੋਏ ਹਨ। ਕਈ ਮਾਮਲਿਆਂ ’ਚ ਨਿਗਮ ਮੁਲਾਜ਼ਮ ਆਪ ਹੀ ਵਿਗਿਆਪਨ ਕੰਪਨੀਆਂ ਨਾਲ ਸੈਟਿੰਗ ਕਰ ਲੈਂਦੇ ਹਨ। ਸੈਟਿੰਗ ਅਨੁਸਾਰ ਬੁਕਿੰਗ ਕਰਦੇ ਸਮੇਂ ਬੈਨਰਾਂ ਦੀ ਗਿਣਤੀ ਤੇ ਮਿਆਦ ਘੱਟ ਦਰਸਾਈ ਜਾਂਦੀ ਹੈ ਤਾਂ ਜੋ ਕਾਗਜ਼ਾਂ ’ਚ ਘੱਟ ਦਿਖਾਈ ਦੇਵੇ। ਇਹ ਸਾਰਾ ਕੰਮ ਕਈ ਸਾਲਾਂ ਤੋਂ ਬਿਨਾਂ ਰੋਕਟੋਕ ਜਾਰੀ ਹੈ। --- ਸਕ੍ਰੀਨ ਲਾਉਣ ਦੀ ਫੀਸ ਲੱਖਾਂ ਰੁਪਏ ਪਰ ਨਿਗਮ ਦਾ ਖਾਤਾ ਖਾਲੀ ਹੁਣ ਸ਼ਹਿਰ ’ਚ ਲਾਈਟਿੰਗ ਵਾਲੀਆਂ ਐੱਲਈਡੀ ਸਕ੍ਰੀਨ ਬੋਰਡਾਂ ਦਾ ਰੁਝਾਨ ਵੱਧ ਰਿਹਾ ਹੈ। ਖਾਸ ਤੌਰ ’ਤੇ ਵੱਡੀਆਂ ਕੰਪਨੀਆਂ ਇਸ ’ਤੇ ਖੂਬ ਪੈਸਾ ਖਰਚ ਕਰ ਰਹੀਆਂ ਹਨ। ਜੇ ਇਹ ਸਕ੍ਰੀਨ ਨਿਗਮ ਦੀ ਮਨਜ਼ੂਰੀ ਨਾਲ ਲਾਈ ਜਾਵੇ ਤਾਂ ਹਰ ਮਹੀਨੇ ਲੱਖਾਂ ਰੁਪਏ ਫੀਸ ਦੇਣੀ ਪੈਂਦੀ ਹੈ। ਇਸ ਕਾਰਨ ਕਈ ਸ਼ੋਅਰੂਮ ਮਾਲਕ ਬਿਨਾਂ ਮਨਜ਼ੂਰੀ ਹੀ ਸਕ੍ਰੀਨ ਲਗਾ ਲੈਂਦੇ ਹਨ ਤੇ ਨਿਗਮ ਮੁਲਾਜ਼ਮਾ ਜਾਂ ਇਸ਼ਤਿਹਾਰ ਮਾਫੀਆ ਨਾਲ ਸੈਟਿੰਗ ਕਰ ਲੈਂਦੇ ਹਨ। ਹਰ ਕਮਰਸ਼ੀਅਲ ਇਮਾਰਤ ਤੇ ਸ਼ੋਅਰੂਮ ਲਈ ਇਕ ਨਿਰਧਾਰਿਤ ਸਾਈਜ਼ ਦਾ ਬੋਰਡ ਲਾਉਣਾ ਲਾਜ਼ਮੀ ਹੈ ਪਰ ਇਸ ਦਾ ਪਾਲਣ ਨਹੀਂ ਹੋ ਰਿਹਾ। ਸ਼ਹਿਰ ਦੇ ਵੱਡੇ ਸ਼ੋਅਰੂਮਾਂ ਤੇ ਕੰਪਲੈਕਸਾਂ ’ਤੇ ਲਾਈਟਿੰਗ ਵਾਲੇ ਸਕ੍ਰੀਨ ਬੋਰਡ ਲੱਗੇ ਹੋਏ ਹਨ, ਜਿਨ੍ਹਾਂ ’ਤੇ ਕਦੇ-ਕਦੇ ਸਿਰਫ਼ ਦਿਖਾਵੇ ਦੀ ਕਾਰਵਾਈ ਹੁੰਦੀ ਹੈ। --- ਟੈਂਡਰ ਨਾ ਹੋਣ ਕਾਰਨ ਕਈ ਕਾਰੋਬਾਰੀਆਂ ਦਾ ਚੱਲ ਰਿਹਾ ਧੰਦਾ ਇਸ਼ਤਿਹਾਰ ਬੋਰਡ ਤੇ ਬੈਨਰਾਂ ਦੇ ਸਹਾਰੇ ਇਸ਼ਤਿਹਾਰ ਕਾਰੋਬਾਰ ਨਾਲ ਜੁੜੇ ਕਈ ਲੋਕਾਂ ਦਾ ਧੰਦਾ ਚੰਗੀ ਤਰ੍ਹਾਂ ਚੱਲ ਰਿਹਾ ਹੈ। ਜੇਕਰ ਟੈਂਡਰ ਜਾਰੀ ਹੋ ਗਿਆ ਤਾਂ ਫਲੈਕਸ ਪ੍ਰਿੰਟਿੰਗ, ਐੱਲਈਡੀ ਬੋਰਡ ਤੇ ਹੋਰ ਇਸ਼ਤਿਹਾਰ ਕਾਰੋਬਾਰੀਆਂ ਲਈ ਮੁਸ਼ਕਲ ਪੈ ਸਕਦੀ ਹੈ, ਕਿਉਂਕਿ ਇਹ ਸਾਰਾ ਧੰਦਾ ਇਸ ਲਈ ਚੱਲ ਰਿਹਾ ਹੈ ਕਿਉਂਕਿ ਸ਼ਹਿਰ ’ਚ ਇਸ਼ਤਿਹਾਰ ਦਾ ਠੇਕਾ ਨਹੀਂ ਹੋਇਆ। ਜੇ ਠੇਕਾ ਹੋ ਜਾਵੇ, ਤਾਂ ਠੇਕੇਦਾਰ ਦਾ ਨਿਗਮ ’ਤੇ ਦਬਾਅ ਰਹੇਗਾ ਕਿ ਬਿਨਾਂ ਮਨਜ਼ੂਰੀ ਲੱਗੇ ਬੋਰਡ ਹਟਾਏ ਜਾਣ। --- ਮਾਡਲ ਟਾਊਨ ’ਚ ਲੱਗੀ ਸਕ੍ਰੀਨ ਇਕ ਦਿਨ ’ਚ ਨਾ ਹਟਾਈ ਤਾਂ ਨਿਗਮ ਆਪ ਤੋੜੇਗਾ : ਮੇਅਰ ਮੇਅਰ ਵਨੀਤ ਧੀਰ ਨੇ ਸ਼ਹਿਰ ’ਚ ਲੱਗੀਆਂ ਗੈਰਕਾਨੂੰਨੀ ਹੋਰਡਿੰਗਾਂ ਤੇ ਐੱਲਈਡੀ ਸਕ੍ਰੀਨਾਂ ਬਾਰੇ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਪੂਰੇ ਸ਼ਹਿਰ ’ਚ ਨਾਜਾਇਜ਼ ਬੋਰਡ ਤੇ ਸਕ੍ਰੀਨਾਂ ਹਟਾਉਣ ਦਾ ਹੁਕਮ ਦਿੱਤਾ ਹੈ। ਮਾਡਲ ਟਾਊਨ ’ਚ ਲੱਗੀ ਸਕ੍ਰੀਨ ਹਟਾਉਣ ਲਈ ਟੀਮ ਵੀ ਭੇਜੀ ਗਈ ਹੈ। ਟੀਮ ਦੋ ਵਾਰ ਸਕ੍ਰੀਨ ਹਟਾਉਣ ਗਈ ਪਰ ਲਿਫਟ ਛੋਟੀ ਹੋਣ ਕਾਰਨ ਸਕ੍ਰੀਨ ਤੱਕ ਨਹੀਂ ਪਹੁੰਚ ਸਕੀ। ਨਿਗਮ ਟੀਮ ਨੇ ਬਿਲਡਿੰਗ ਮਾਲਕ ਨੂੰ ਅਲਟੀਮੇਟਮ ਦਿੱਤਾ ਹੈ ਕਿ ਇਕ ਦਿਨ ਦੇ ਅੰਦਰ ਸਕ੍ਰੀਨ ਆਪ ਹਟਾਈ ਜਾਵੇ ਨਹੀਂ ਤਾਂ ਨਿਗਮ ਇਸ ਨੂੰ ਤੋੜ ਦੇਵੇਗਾ। ਮੇਅਰ ਨੇ ਕਿਹਾ ਕਿ ਉਹ ਇਸ਼ਤਿਹਾਰ ਬ੍ਰਾਂਚ ਨੂੰ ਲੈ ਕੇ ਗੰਭੀਰ ਹਨ ਤੇ ਜਲਦੀ ਹੀ ਟੈਂਡਰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਨਾਜਾਇਜ ਹੋਰਡਿੰਗ ਲਗਾ ਕੇ ਸ਼ਹਿਰ ਦੀ ਸੂਰਤ ਖਰਾਬ ਨਹੀਂ ਹੋਣ ਦਿੱਤੀ ਜਾਵੇਗੀ। --- ਮਨਦੀਪ ਸਿੰਘ ਨੂੰ ਮਿਲਿਆ ਇਸ਼ਤਿਹਾਰ ਸ਼ਾਖਾ ਦਾ ਚਾਰਜ, ਸ਼ੁਰੂ ਕੀਤੀ ਕਾਰਵਾਈ ਨਗਰ ਨਿਗਮ ਕਮਿਸ਼ਨਰ ਨੇ ਤੇਜ਼ਤਰਾਰ ਸੁਪਰਡੈਂਟ ਮਨਦੀਪ ਸਿੰਘ ਨੂੰ ਵਿਗਿਆਨਪ ਵਿਭਾਗ ਦਾ ਐਡੀਸ਼ਨਲ ਚਾਰਜ ਦੇ ਦਿੱਤਾ ਹੈ। ਮਨਦੀਪ ਸਿੰਘ ਨੇ ਟੀਮ ਨੂੰ ਹੁਕਮ ਦਿੱਤਾ ਹੈ ਕਿ ਵੀਰਵਾਰ ਸ਼ਾਮ ਤੋਂ ਪੂਰੇ ਸ਼ਹਿਰ ’ਚ ਨਾਜਾਇਜ਼ ਬੋਰਡ ਤੇ ਸਕ੍ਰੀਨ ਹਟਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ’ਚ ਜਿੱਥੇ ਵੀ ਗੈਰਕਾਨੂੰਨੀ ਬੋਰਡ ਜਾਂ ਸਕ੍ਰੀਨ ਲੱਗੇ ਹਨ, ਉਨ੍ਹਾਂ ਦੀ ਜਾਂਚ ਹੋਵੇਗੀ ਤੇ ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇਗਾ। ਇਨ੍ਹਾਂ ਕੰਪਨੀਆਂ ’ਤੇ ਜੁਰਮਾਨਾ ਵੀ ਲਾਇਆ ਜਾਵੇਗਾ। ਮਨਦੀਪ ਸਿੰਘ ਇਸ ਵੇਲੇ ਮੋਹਾਲੀ ਨਗਰ ਨਿਗਮ ਦਾ ਚਾਰਜ ਵੀ ਸੰਭਾਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਮੋਹਾਲੀ ਤੋਂ ਸ਼ਾਮ ਨੂੰ ਵਾਪਸ ਆ ਕੇ ਰਾਤ ਨੂੰ ਜਲੰਧਰ ਸ਼ਹਿਰ ਦਾ ਜਾਇਜ਼ਾ ਲੈਣਗੇ ਤੇ ਨਾਜਾਇਜ਼ ਹੋਰਡਿੰਗਾਂ ਹਟਵਾਉਣਗੇ।