ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸ਼ਹਿਰ ਦੇ ਉੱਘੇ ਸਮਾਜ ਸੇਵੀ ਸੁਰਿੰਦਰ ਸੈਣੀ ਦਾ ਨਾਂ ਨੈਸ਼ਨਲ ਐਵਾਰਡ ਫਾਰ ਸੀਨੀਅਰ ਸਿਟੀਜ਼ਨ 2019 ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਸੈਣੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਮੰਤਰਾਲੇ ਵੱਲੋਂ ਵਡੇਰੀ ਉਮਰ ਵਿਚ ਵੀ ਬਹਾਦਰੀ ਤੇ ਜੋਸ਼ ਨਾਲ ਸਮਾਜਿਕ ਬੁਰਾਈਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਸੀਨੀਅਰ ਸਿਟੀਜ਼ਨਾਂ ਨੂੰ ਇਹ ਐਵਾਰਡ ਦਿੱਤਾ ਜਾਂਦਾ ਹੈ। ਮੰਤਰਾਲੇ ਵੱਲੋਂ ਉਕਤ ਐਵਾਰਡ ਲਈ ਉਨ੍ਹਾਂ ਦਾ ਨਾਂ ਵੀ ਨਾਮਜ਼ਦ ਕੀਤਾ ਗਿਆ ਹੈ ਜੋ ਕਿ ਪਹਿਲੀ ਅਕਤੂਬਰ ਨੂੰ ਦਿੱਲੀ ਵਿਖੇ ਦਿੱਤਾ ਜਾਣਾ ਹੈ। ਸੈਣੀ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਦੇ ਸਮੇਂ ਦੌਰਾਨ ਪੀਐੱਨਡੀਟੀ ਐਕਟ ਦੇ ਉਲਟ ਜਾ ਕੇ ਲਿੰਗ ਨਿਰਧਾਰਨ ਟੈਸਟ ਤੇ ਭਰੂਣ ਹੱਤਿਆ ਕਰਨ ਵਾਲੇ ਹਸਪਤਾਲਾਂ ਦੀ ਚੈਕਿੰਗ ਕਰਵਾਈ ਸੀ। ਇਸ ਕਾਰਨ ਕਈ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਕਿੜ ਕੱਢਣ ਲਈ ਐੱਫਆਈਆਰ ਵੀ ਦਰਜ ਕਰਵਾਈਆਂ ਗਈਆਂ ਸਨ ਜਿਸ ਕਾਰਨ ਉਨ੍ਹਾਂ ਨੂੰ ਜ਼ਮਾਨਤ ਤਕ ਲੈਣੀ ਪਈ। ਪੁਲਿਸ ਕਮਿਸ਼ਨ ਵੱਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਕੇ ਕੇਸ ਰੱਦ ਕਰ ਦਿੱਤੇ ਗਏ ਸਨ ਪਰ ਉਕਤ ਡਾਕਟਰਾਂ ਨੇ ਹੇਠਲੀ ਅਦਾਲਤ 'ਚ ਕੇਸ ਦਾਇਰ ਕਰ ਦਿੱਤਾ। ਹੇਠਲੀ ਅਦਾਲਤ ਵੱਲੋਂ ਵੀ ਕੇਸ ਰੱਦ ਕਰਨ ਤੋਂ ਬਾਅਦ ਉਨ੍ਹਾਂ ਨੇ ਸੈਸ਼ਨ ਕੋਰਟ ਵਿਚ ਕੇਸ ਲਾ ਦਿੱਤਾ ਪਰ ਅਦਾਲਤ ਨੇ ਡਾਕਟਰਾਂ ਨੂੰ ਤਾੜਨਾ ਕਰਨ ਦੇ ਨਾਲ ਕੇਸ ਵੀ ਰੱਦ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਵਰਗੀ ਬੁਰਾਈ ਰੋਕਣ ਲਈ ਵਿਰੋਧ ਦੇ ਬਾਵਜੂਦ ਉਨ੍ਹਾਂ ਨੇ ਅਜਿਹੇ ਹਸਪਤਾਲ ਖ਼ਿਲਾਫ਼ ਮੁਹਿੰਮ ਜਾਰੀ ਰੱਖੀ ਹੋਈ ਹੈ। ਇਥੇ ਦੱਸਣਯੋਗ ਹੈ ਕਿ ਸਮਾਜ ਸੇਵੀ ਸੁਰਿੰਦਰ ਸੈਣੀ ਪਿਛਲੇ ਲੰਮੇਂ ਸਮੇਂ ਤੋਂ ਬਾਲ ਮਜ਼ਦੂਰੀ ਤੇ ਸਕੂਲਾਂ ਨੇੜੇ ਸਿਗਰਟ-ਪਾਨ ਵਾਲੇ ਖੋਖੇ ਚੁਕਵਾਉਣ ਲਈ ਕੰਮ ਕਰ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਧਮਕੀਆਂ ਮਿਲਦੀਆਂ ਹਨ। ਉਹ ਬਾਲ ਮਜ਼ਦੂਰੀ, ਸਿਗਰਟਨੋਸ਼ੀ ਤੇ ਪੀਐੱਨਡੀਟੀ ਐਕਟ ਤਹਿਤ ਹੋਣ ਵਾਲੀ ਵਿਭਾਗੀ ਕਾਰਵਾਈ 'ਚ ਗਵਾਹੀ ਦਿੰਦੇ ਹਨ।