ਅੰਮਿ੍ਤਪਾਲ ਸਿੰਘ ਸੋਂਧੀ, ਕਿਸ਼ਨਗੜ੍ਹ : ਸ਼ਹੀਦ ਹਰਭਜਨ ਸਿੰਘ ਸਪੋਰਟਸ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਸਿੱਖ ਆਗੂ ਬਲਵਿੰਦਰ ਸਿੰਘ ਕਰਾੜੀ ਨੇ ਲੰਘੇ ਦਿਨੀਂ ਜੰਮੂ ਕਸ਼ਮੀਰ ਪੁੰਛ 'ਚ ਚਾਰ ਸਿੱਖ ਫੌਜੀਆਂ ਦੇ ਸ਼ਹੀਦ ਹੋਣ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਕੇਂਦਰ ਸਰਕਾਰ ਵਿਰੁੱਧ ਰੋਸ ਜ਼ਾਹਿਰ ਕਰਦਿਆਂ ਆਖਿਆ ਕਿ ਸਿੱਖ ਕਿਸਾਨ ਜਿਨ੍ਹਾਂ ਨੂੰ ਹੱਕ ਮੰਗਣ 'ਤੇ ਉਨ੍ਹਾਂ ਨੂੰ ਅੱਤਵਾਦੀ ਕਹਿ ਕੇ ਜਲੀਲ ਕੀਤਾ ਜਾਂਦਾ ਹੈ, ਇਹ ਉਨ੍ਹਾਂ ਸਿੱਖ ਕਿਸਾਨਾਂ ਦੇ ਸੂਰਬੀਰ-ਬਹਾਦਰ ਵੀਰ ਸਿਪਾਹੀ ਬੱਚੇ ਹਨ ਜੋ ਆਪਣੇ ਦੇਸ਼ ਦੀਆ ਸਰਹੱਦਾਂ 'ਤੇ ਰਾਖੀ ਕਰਦੇ ਹੋਏ ਹੱਸਦੇ-ਹੱਸਦੇ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ। ਬਲਵਿੰਦਰ ਸਿੰਘ ਕਰਾੜੀ ਨੇ ਅੱਗੇ ਆਖਿਆ ਕਿ ਕੇਂਦਰ ਸਰਕਾਰ ਆਰਥਿਕ ਤੇ ਵਿਦੇਸ਼ ਨੀਤੀ 'ਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਭਾਰਤ ਦੇ ਗਰੀਬ ਲੋਕਾਂ ਤੋਂ ਟੈਕਸਾਂ ਵਜੋਂ ਇਕੱਠੇ ਕੀਤੇ ਅਰਬਾਂ ਰੁਪਏ ਅਫਗਾਨਿਸਤਾਨ 'ਚ ਖਰਾਬ ਕਰ ਕੇ ਅੱਜ ਉਥੋਂ ਸਾਨੂੰ ਖਾਲੀ ਹੱਥ ਨਿਕਲਣਾ ਪਿਆ ਹੈ। ਉਨ੍ਹਾਂ ਆਖਿਆ ਕਿ ਬਾਹਰੀ ਤਾਕਤਾਂ ਨਾਲ ਲੜਨ ਦੇ ਨਾਲ-ਨਾਲ ਕਿਸਾਨ ਮੋਰਚੇ ਨੂੰ ਵੀ ਜਿੱਤਣ ਲਈ ਪੰਜਾਬੀਆਂ ਦੀ ਏਕਤਾ ਤੇ ਇੱਕਜੁਟਤਾ ਸਮੇਂ ਦੀ ਮੁੱਖ ਲੋੜ ਹੈ। ਇਸ ਸਮੇਂ ਪੰਜਾਬ ਦਾ ਪੰਜ ਲੱਖ ਪਰਿਵਾਰ ਫੌਜ ਨਾਲ ਜੁੜਿਆ ਹੈ, ਸੋ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਕੇਂਦਰ ਨੇ ਸਾਨੂੰ ਬਦਨਾਮ ਕਰਨ ਲਈ ਫੁੱਟ ਪਾਉਣੀ ਹੈ।