ਰਾਕੇਸ਼ ਗਾਂਧੀ, ਜਲੰਧਰ : ਕੰਪਨੀ ਬਾਗ ਦੀ ਪਾਰਕਿੰਗ 'ਚੋਂ ਬੀਤੇ ਦਿਨੀਂ ਗੁੰਮ ਹੋਇਆ 12 ਸਾਲ ਦਾ ਬੱਚਾ ਥਾਣਾ ਨੰ ਤਿੰਨ ਦੀ ਪੁਲਿਸ ਨੂੰ ਕੜੀ ਮੁਸ਼ੱਕਤ ਤੋਂ ਬਾਅਦ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਦੇ ਬਾਹਰੋਂ ਮਿਲ ਗਿਆ ਜਿਸ ਨੂੰ ਅੱਜ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਵਨ ਕੁਮਾਰ ਵਾਸੀ ਪਾਰਕਿੰਗ ਕੰਪਨੀ ਬਾਗ ਨੇ ਥਾਣਾ ਤਿੰਨ ਦੇ ਮੁਖੀ ਮੁਕੇਸ਼ ਕੁਮਾਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ 12 ਸਾਲ ਦਾ ਲੜਕਾ ਸਕਸ਼ਮ ਗਾਇਬ ਹੋ ਗਿਆ ਹੈ ਜਿਸ ਨੂੰ ਕਾਫੀ ਲੱਭਿਆ ਗਿਆ ਪਰ ਇਸ 'ਚ ਕਾਮਯਾਬ ਨਹੀਂ ਹੋਏ। ਜਿਸ ਤੋਂ ਬਾਅਦ ਥਾਣਾ ਮੁਖੀ ਮੁਕੇਸ਼ ਕੁਮਾਰ ਨੇ ਪਵਨ ਕੁਮਾਰ ਦੇ ਬਿਆਨਾਂ 'ਤੇ ਧਾਰਾ 363 ਤਹਿਤ ਮਾਮਲਾ ਦਰਜ ਕਰਕੇ ਸਕਸ਼ਮ ਨੂੰ ਲੱਭਣ ਲਈ ਪੁਲਿਸ ਦੀਆਂ ਟੀਮਾਂ ਦਾ ਗਠਨ ਕੀਤਾ। ਜਾਂਚ ਦੌਰਾਨ ਇਹੀ ਗੱਲ ਪਤਾ ਲੱਗੀ ਕਿ ਪਵਨ ਕੁਮਾਰ ਦਾ ਆਪਣੀ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਿਆ ਹੈ ਤੇ ਸਕਸ਼ਮ ਤੋਂ ਇਲਾਵਾ ਦੋ ਕੁੜੀਆਂ ਉਸ ਦੀ ਪਹਿਲੀ ਪਤਨੀ ਤੋਂ ਸਨ। ਪੁਲਿਸ ਨੇ ਇਸ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤੇ ਇਕ ਪੁਲਿਸ ਪਾਰਟੀ ਨੂੰ ਅੰਮ੍ਰਿਤਸਰ ਲਈ ਰਵਾਨਾ ਕੀਤਾ। ਪੁਲਿਸ ਪਾਰਟੀ ਦੀ ਕੜੀ ਮੁਸ਼ੱਕਤ ਤੋਂ ਬਾਅਦ ਸਕਸ਼ਸ ਪੁਲਿਸ ਨੂੰ ਦੁਰਗਿਆਨਾ ਮੰਦਰ ਦੇ ਬਾਹਰ ਤੋਂ ਮਿਲ ਗਿਆ। ਪੁੱਛਗਿੱਛ ਵਿਚ ਸਕਸ਼ਮ ਨੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਮਿਲਣ ਬਿਨਾਂ ਕਿਸੇ ਨੂੰ ਦੱਸੇ ਹੋਏ ਬੱਸ ਵਿਚ ਬਹਿ ਕੇ ਅੰਮ੍ਰਿਤਸਰ ਆਇਆ ਸੀ। ਜਿਸ ਤੋਂ ਬਾਅਦ ਪੁਲਿਸ ਉਸ ਨੂੰ ਲੈ ਕੇ ਜਲੰਧਰ ਪਹੁੰਚ ਗਈ ਤੇ ਸ਼ੁੱਕਰਵਾਰ ਸਵੇਰੇ ਸਕਸ਼ਮ ਨੂੰ ਉਸ ਦੇ ਮਾਂ-ਪਿਓ ਦੇ ਹਵਾਲੇ ਕਰ ਦਿੱਤਾ।

Posted By: Amita Verma