ਜਤਿੰਦਰ ਪੰਮੀ, ਜਲੰਧਰ : ਆਮ ਆਦਮੀ ਪਾਰਟੀ ਵੱਲੋਂ ਵੀਰਵਾਰ ਨੂੰ ਆਪਣੇ ਲੋਕ ਸਭਾ ਉਮੀਦਵਾਰ ਜਸਟਿਸ ਜੋਰਾ ਸਿੰਘ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਤੋਂ ਪਹਿਲਾਂ ਡੀਸੀ ਦਫ਼ਤਰ ਸਾਹਮਣੇ ਪੁਡਾ ਗਰਾਊਂਡ ਵਿਚ ਕੀਤੀ ਗਈ ਰੈਲੀ 'ਚ 2014 ਦੀਆਂ ਲੋਕ ਸਭਾ ਚੋਣਾਂ ਵਾਲਾ ਨਜ਼ਾਰਾ ਨਹੀਂ ਦਿਸਿਆ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀ ਸਿਆਸਤ 'ਚ ਹਲਚਲ ਪੈਦਾ ਕਰਨ ਵਾਲੀ ਆਮ ਆਦਮੀ ਪਾਰਟੀ ਇਸ ਵਾਰ ਉਹ ਜਲਵਾ ਨਾ ਦਿਖਾ ਸਕੀ। ਰੈਲੀ ਦੌਰਾਨ ਲੋਕਾਂ ਦਾ ਇਕੱਠ ਵੀ ਘੱਟ ਸੀ ਤੇ ਇਕੱਠ ਵਿਚ 'ਮੈਂ ਆਮ ਆਦਮੀ ਹਾਂ' ਲਿਖੀਆਂ ਟੋਪੀਆਂ ਕਿਧਰੇ ਨਜ਼ਰ ਨਹੀਂ ਆਈਆਂ। ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਗੈਰਹਾਜ਼ਰੀ ਵੀ ਰੜਕੀ। ਹਾਲਾਂਕਿ ਪਾਰਟੀ ਵੱਲੋਂ ਪਿਛਲੇ ਦੋ ਦਿਨ ਮੀਡੀਆ ਨੂੰ ਭੇਜੇ ਸੱਦਾ ਪੱਤਰ ਤੇ ਸੋਸ਼ਲ ਮੀਡੀਆ 'ਤੇ ਭਗਵੰਤ ਮਾਨ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਲਈ ਆਉਣ ਦਾ ਖ਼ੂਬ ਪ੍ਰਚਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ 'ਆਪ' ਨੇ ਜਲੰਧਰ ਤੋਂ ਜੋਤੀ ਮਾਨ ਨੂੰ ਟਿਕਟ ਦਿੱਤੀ ਸੀ, ਜਿਸ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਮੌਕੇ 'ਆਪ' ਦੇ ਵਲੰਟੀਅਰਾਂ ਤੇ ਹਮਾਇਤੀਆਂ ਦਾ ਹੜ੍ਹ ਆ ਗਿਆ ਸੀ। ਇਸ ਵਾਰ ਉਹ ਨਜ਼ਾਰਾ ਨਹੀਂ ਆਇਆ। ਭਗਵੰਤ ਮਾਨ ਦੀ ਗ਼ੈਰਹਾਜ਼ਰੀ ਵਿਚ ਜਸਟਿਸ ਜ਼ੋਰਾ ਸਿੰਘ ਦੇ ਨਾਮਜ਼ਦਗੀ ਦਾਖਲ ਕਰਵਾਉਣ ਵੇਲੇ ਉਨ੍ਹਾਂ ਨਾਲ ਲੋਕ ਸਭਾ ਚੋਣਾਂ ਦੀ ਪ੍ਰਚਾਰ ਕਮੇਟੀ ਦੇ ਇੰਚਾਰਜ ਅਮਨ ਅਰੋੜਾ, ਉਪ ਪ੍ਰਧਾਨ ਡਾ. ਸੰਜੀਵ ਸ਼ਰਮਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਡਾ. ਸ਼ਿਵਦਿਆਲ ਮਾਲੀ ਤੇ ਜਸਟਿਸ ਜੋਰਾ ਸਿੰਘ ਦੇ ਪੁੱਤਰ ਹਰਮਨਦੀਪ ਸਿੰਘ ਮੌਜੂਦ ਰਹੇ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਦੇ ਮੁੱਖ ਮੁੱਦੇ ਭਿ੍ਸ਼ਟਾਚਾਰ, ਬੇਰੁਜ਼ਗਾਰੀ ਤੇ ਨਸ਼ੇ ਹਨ। ਸਾਡੀ ਪਾਰਟੀ ਨਵੀਂ ਸੋਚ ਵਾਲੀ ਪਾਰਟੀ ਹੈ, ਜਿਹੜੀ ਹਰ ਕੰਮ ਸੋਚ-ਸਮਝ ਕੇ ਕਰਦੀ ਹੈ। ਸੁਖਪਾਲ ਖਹਿਰਾ ਦਾ 'ਆਪ' ਉੱਪਰ ਕੋਈ ਅਸਰ ਪੈਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਖਹਿਰਾ ਦਾ ਸਾਡੀ ਪਾਰਟੀ 'ਤੇ ਕੋਈ ਅਸਰ ਨਹੀਂ ਪਵੇਗਾ। 'ਆਪ' ਛੱਡਣ ਤੋਂ ਬਾਅਦ ਖਹਿਰੇ ਦਾ ਸਿਆਸੀ ਵਜੂਦ ਪਹਿਲਾਂ ਵਾਲਾ ਨਹੀਂ ਰਿਹਾ। ਨਾਜ਼ਰ ਸਿੰਘ ਮਾਨਸ਼ਾਹੀਆ ਦੇ ਕਾਂਗਰਸ 'ਚ ਸ਼ਾਮਲ ਹੋਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਮਾਨਸ਼ਾਹੀਆ ਦੇ ਕਾਂਗਰਸ 'ਚ ਜਾਣ ਨਾਲ ਆਪ ਨੂੰ ਕੋਈ ਫਰਕ ਨਹੀਂ ਪਵੇਗਾ।

ਭਾਜਪਾ ਨੇ ਪੰਜਾਬ ਦੇ ਦਲਿਤਾਂ ਨਾਲ ਕੀਤਾ ਧੋਖਾ : ਅਰੋੜਾ

ਭਾਜਪਾ ਵੱਲੋਂ ਵਿਜੈ ਸਾਂਪਲਾ ਨੂੰ ਹੁਸ਼ਿਆਰਪੁਰ ਤੋਂ ਟਿਕਟ ਨਾ ਦਿੱਤੇ ਜਾਣ ਸਬੰਧੀ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਦੇ ਦਲਿਤਾਂ ਨਾਲ ਧੋਖਾ ਕੀਤਾ ਹੈ। ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਰਹੇ ਵਿਜੈ ਸਾਂਪਲਾ ਨੂੰ ਟਿਕਟ ਨਾ ਦੇਣਾ ਪਾਰਟੀ ਦੀ ਦਲਿਤ ਵਿਰੋਧੀ ਸੋਚ ਦਾ ਪ੍ਰਗਟਾਵਾ ਹੈ।

13 ਤੋਂ ਬਾਅਦ ਆਉਣਗੇ 'ਆਪ' ਦੇ ਵੱਡੇ ਲੀਡਰ

ਚੋਣ ਪ੍ਰਚਾਰ ਬਾਰੇ ਗੱਲ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਦਿੱਲੀ ਦੀਆਂ ਲੋਕ ਸਭਾ ਚੋਣਾਂ ਦਾ ਕੰਮ 13 ਮਈ ਨੂੰ ਨਿਬੜਨ ਤੋਂ ਬਾਅਦ 'ਆਪ' ਹਾਈਕਮਾਂਡ ਦੇ ਆਗੂ ਪੰਜਾਬ ਵਿਚ ਚੋਣ ਪ੍ਰਚਾਰ ਲਈ ਪੁੱਜ ਜਾਣਗੇ। ਸਾਰੇ ਆਗੂ ਪੰਜਾਬ ਦੇ ਵੱਖ-ਵੱਖ ਹਲਕਿਆਂ 'ਚ ਜਾ ਕੇ ਪਾਰਟੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ।