ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਭੋਗਪੁਰ ਸ਼ਹਿਰ ਦੇ ਮੁਹੱਲਾ ਗੁਰੂ ਨਾਨਕ ਨਗਰ ਦੀ ਵਸਨੀਕ ਇਕ ਅੌਰਤ ਨਾਲ ਐਕਸੀਡੈਂਟਲ ਬੀਮਾ ਕਰਵਾਉਣ ਦੇ ਨਾਂ 'ਤੇ 12 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਲੋਕਾਂ ਖ਼ਿਲਾਫ਼ ਥਾਣਾ ਭੋਗਪੁਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਪੀੜਤਾ ਵੱਲੋਂ ਐੱਸਐੱਸਪੀ ਜਲੰਧਰ ਦਿਹਾਤੀ ਨੂੰ ਇਕ ਸ਼ਿਕਾਇਤ ਦਿੱਤੀ ਗਈ ਸੀ, ਜਿਸ ਵਿਚ ਉਸ ਨੇ ਦੱਸਿਆ ਸੀ ਕਿ ਉਸ ਨੇ ਆਈਸੀਆਈਸੀਆਈ ਬੈਂਕ ਇੰਸ਼ੋਰੈਂਸ ਦਾ ਸਾਲ 2019 ਵਿਚ ਪਹਿਲਾਂ ਇਕ ਟਰਮ ਪਲੈਨ ਲਿਆ ਸੀ, ਜੋ ਕਿ ਬਿਲਕੁਲ ਠੀਕ ਚੱਲ ਰਿਹਾ ਸੀ ਅਤੇ ਉਸ ਤੋਂ ਬਾਅਦ ਇਸੇ ਕੰਪਨੀ ਦਾ ਨਾਂ ਲੈ ਕੇ ਉਸਨੂੰ ਫੋਨ ਆਇਆ ਕਿ ਕੰਪਨੀ ਉਸ ਦਾ ਫ੍ਰੀ ਇਕ ਕਰੋੜ ਰੁਪਏ ਦਾ ਐਕਸੀਡੈਂਟਲ ਬੀਮਾ ਕਰ ਰਹੀ ਹੈ, ਜਿਸ ਵਿੱਚ ਉਸ ਨੂੰ 50 ਲੱਖ ਰੁਪਿਆ ਬਿਨਾਂ ਐਕਸੀਡੈਂਟ ਦੇ ਕਲੇਮ ਮਿਲ ਸਕਦਾ ਹੈ ਪਰ ਇਸ ਲਈ ਪੀੜਤਾ ਨੂੰ ਕੰਪਨੀ ਦੇ ਕੁਝ ਅਧਿਕਾਰੀਆਂ ਨੂੰ ਰਿਸ਼ਵਤ ਦੇ ਤੌਰ 'ਤੇ ਕੁਝ ਪੈਸੇ ਦੇਣੇ ਪੈਣਗੇ। ਇਨ੍ਹਾਂ ਸ਼ਾਤਿਰ ਠੱਗਾਂ ਵੱਲੋਂ ਇਸ ਅੌਰਤ ਪਾਸੋਂ ਵੱਖ-ਵੱਖ ਖਾਤਿਆਂ ਵਿਚ 12 ਲੱਖ ਰੁਪਏ ਦੇ ਕਰੀਬ ਰਕਮ ਜਮ੍ਹਾਂ ਕਰਵਾ ਲਈ ਗਈ ਅਤੇ ਇਸ ਉਪਰੰਤ ਲਾਕਡਾਊਨ ਲੱਗ ਗਿਆ ਅਤੇ ਪੀੜਤਾ ਨੂੰ ਬੀਮੇ ਸਬੰਧੀ ਕੋਈ ਵੀ ਕਾਲ ਨਹੀਂ ਆਈ। ਪੀੜਤਾ ਵੱਲੋਂ ਕੰਪਨੀ ਨਾਲ ਸੰਪਰਕ ਕਰਨ 'ਤੇ ਪਤਾ ਲੱਗਾ ਕਿ ਉਸ ਨਾਲ ਠੱਗੀ ਹੋ ਚੁੱਕੀ ਹੈ। ਮਾਮਲੇ ਦੀ ਜਾਂਚ ਕ੍ਰਾਈਮ ਅਗੇਂਸਟ ਵੂਮਨ ਵਿੰਗ ਵੱਲੋਂ ਕੀਤੀ ਗਈ ਅਤੇ ਇਸ ਮਾਮਲੇ ਵਿਚ ਤਿੰਨ ਦੋਸ਼ੀਆਂ ਰਾਹੁਲ ਚੌਹਾਨ ਪੁੱਤਰ ਓਮ ਪ੍ਰਕਾਸ਼ ਵਾਸੀ ਨਵੀਂ ਦਿੱਲੀ ਮੋਹਿਤ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਪਾਲ ਕਾਲੋਨੀ ਅਟਾਵਾ ਸਿਮਰਨ ਵਾਸੀ ਜਲੰਧਰ ਰੂਰਲ ਦੇ ਖ਼ਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸਨੇ ਬੁਢਾਪੇ ਲਈ ਇਕੱਤਰ ਕੀਤੀ ਪੂੰਜੀ ਠੱਗਾਂ ਕੋਲੋ ਵਾਪਿਸ ਕਰਵਾਉਣ ਦੀ ਮੰਗ ਕੀਤੀ ਹੈ।