ਮਨੀਸ਼ ਸ਼ਰਮਾ, ਜਲੰਧਰ : ਕੋਰੋਨਾ ਕਾਰਨ ਸਿਰਫ ਜ਼ਿੰਦਗੀ ਹੀ ਨਹੀਂ, ਸਗੋਂ ਕਈ ਲੋਕਾਂ ਦੀ ਰੋਜ਼ੀ-ਰੋਟੀ ਵੀ ਖੋਹੀ ਜਾ ਰਹੀ ਹੈ। ਅਜਿਹੀ ਹੀ ਇਕ ਮਹਿਲਾ ਪ੍ਰਤਾਪ ਬਾਗ 'ਚ ਰਹਿਣ ਵਾਲੀ ਕਾਂਤਾ ਚੌਹਾਨ ਹੈ। ਜੋ ਪੰਜਾਬ ਦੀ ਪਹਿਲੀ ਬਾਈਕ ਟੈਕਸੀ ਡਰਾਈਵਰ ਹੈ, ਪਰ ਕੋਰੋਨਾ ਕਾਰਨ ਉਸ ਕੋਲੋਂ ਇਹ ਰੁਜ਼ਗਾਰ ਵੀ ਖੋਹਿਆ ਗਿਆ।

ਪਹਿਲਾਂ ਲਗਪਗ ਦੋ ਮਹੀਨੇ ਤਕ ਲਾਕਡਾਊਨ ਰਿਹਾ ਤਾਂ ਘਰ ਬੈਠਣ ਲਈ ਮਜ਼ਬੂਰ ਹੋ ਗਈ। ਹੁਣ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਸਵਾਰੀਆਂ ਬਾਈਕ ਟੈਕਸੀ ਦੀ ਵਰਤੋਂ ਨਹੀਂ ਕਰ ਰਹੇ। ਇਸ ਦੇ ਬਾਵਜੂਦ ਉਸ ਨੇ ਹਾਰ ਨਹੀਂ ਮੰਨੀ ਤੇ ਫਿਰ ਤੋਂ ਸੰਘਰਸ਼ ਸ਼ੁਰੂ ਕਰਦੇ ਹੋਏ ਦੋਆਬਾ ਚੌਕ 'ਤੇ ਖਾਣੇ ਦੀ ਰੇਹੜੀ ਲਾ ਦਿੱਤੀ ਹੈ। ਜਿਥੇ ਪਤੀ ਸੰਤਰਾਮ ਨਾਲ ਸਵੇਰੇ ਪੰਜ ਵਜੇ ਤੋਂ ਕੰਮ ਸ਼ੁਰੂ ਹੋ ਜਾਂਦਾ ਹੈ।

ਕਾਂਤਾ ਚੌਹਾਨ ਦੱਸਦੀ ਹੈ ਕਿ ਦੋਆਬਾ ਚੌਕ 'ਚ ਸਵੇਰੇ ਪਰਾਂਠੇ ਤੇ ਸਾਰਾ ਦਿਨ ਦਾਲ, ਕੜੀ-ਚੌਲ ਦਾ ਕੰਮ ਚੱਲਦਾ ਹੈ। ਜਦੋਂ ਤਕ ਖਾਣ ਦਾ ਸਾਮਾਨ ਨਹੀਂ ਖਤਮ ਹੁੰਦਾ ਉਹ ਲੱਗੀ ਰਹਿੰਦੀ ਹੈ। ਜਦੋਂ ਤਕ ਬਾਈਕ ਟੈਕਸੀ ਚਲਾਉਂਦੀ ਸੀ ਤਾਂ ਗੁਜ਼ਾਰਾ ਹੋ ਰਿਹਾ ਸੀ ਪਰ ਹੁਣ ਜਮਾਂ ਪੂੰਜੀ ਵੀ ਖ਼ਤਮ ਹੋ ਗਈ ਹੈ।

ਹੁਣ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਸੋਚ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਹੈ। ਕਾਫੀ ਲੋਕ ਖਾਣਾ ਖਾਣ ਆਉਂਦੇ ਹਨ ਤੇ ਦੁਪਹਿਰ ਲਗਪਗ ਦੋ ਵਜੇ ਤਕ ਸਾਰਾ ਖਾਣਾ ਖਤਮ ਹੋ ਜਾਂਦਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਮਲਾਲ ਵੀ ਹੈ ਕਿ ਮੁਸ਼ਕਿਲ ਦੀ ਇਸ ਘੜੀ 'ਚ ਉਸ ਦੀ ਮਦਦ ਲਈ ਕੋਈ ਵੀ ਅੱਗੇ ਨਹੀਂ ਆਇਆ ਪਰ ਉਸ ਨੇ ਵੀ ਹਾਲਾਤ ਅੱਗੇ ਗੋਡੇ ਨਹੀਂ ਟੇਕੇ ਨਵੇਂ ਸਿਰੇ ਤੋਂ ਉਹ ਫਿਰ ਡੱਟ ਗਈ। ਘਰ 'ਚ ਬੈਠ ਕੇ ਕੁਝ ਨਾ ਕਰ ਪਾਉਣ ਦਾ ਰੋਣਾ ਰੋਣ ਦੀ ਥਾਂ ਉਨ੍ਹਾਂ ਨੇ ਫਿਰ ਤੋਂ ਜੀਵਨ 'ਚ ਜੱਦੋਜਹਿਦ ਸ਼ੁਰੂ ਕਰ ਦਿੱਤੀ ਹੈ।

ਇੰਜ ਬਣੀ ਸੀ ਪਹਿਲੀ ਮਹਿਲਾ ਬਾਈਕ ਟੈਕਸੀ ਡਰਾਈਵਰ

ਕਾਂਤਾ ਚੌਹਾਨ ਦੱਸਦੀ ਹੈ ਕਿ ਉਹ ਮੋਹਾਲੀ ਦੀ ਰਹਿਣ ਵਾਲੀ ਹੈ। 2006 'ਚ ਸੰਤ ਲਾਲ ਨਾਲ ਵਿਆਹ ਕਰ ਕੇ ਜਲੰਧਰ ਆ ਗਈ। ਉਸ ਦੇ ਪਤੀ ਆਟੋ ਚਲਾਉਂਦੇ ਸਨ। ਸਾਰਾ ਕੁਝ ਠੀਕ ਚੱਲ ਰਿਹਾ ਸੀ, ਪਰ ਇਕ ਦਿਨ ਪਤੀ ਦੇ ਐਕਸੀਡੈਂਟ ਤੋਂ ਬਾਅਦ ਸਾਰਾ ਜੀਵਨ ਹੀ ਬਦਲ ਗਿਆ। ਪਤੀ ਦੇ ਇਲਾਜ 'ਚ ਸਾਰੀ ਜਮ੍ਹਾਂ ਪੂੰਜੀ ਖਰਚ ਹੋ ਗਈ ਤੇ ਹਾਲਾਤ ਇਥੋਂ ਤਕ ਹੋ ਗਏ ਕਿ ਘਰ 'ਚ ਖਾਣ ਨੂੰ ਕੁਝ ਵੀ ਨਹੀਂ ਹੁੰਦਾ ਸੀ।

ਪਤੀ ਦੇ ਇਲਾਜ 'ਚ ਸਾਰਾ ਕੁਝ ਖਰਚ ਕਰਨ ਤੋਂ ਬਾਅਦ ਜਦੋਂ ਦੋ ਬੱਚਿਆਂ ਸਮੇਤ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋਇਆ ਤਾਂ ਕੁਝ ਨਵਾਂ ਕਰਨ ਦੀ ਸੋਚੀ। ਇਸ ਤੋਂ ਬਾਅਦ ਇਕ ਦਿਨ ਪਤੀ ਨੇ ਸਲਾਹ ਦਿੱਤੀ ਕਿ ਕਿਉਂ ਨਾ ਮੈਂ (ਕਾਂਤਾ ਚੌਹਾਨ) ਇਕ ਨਿੱਜੀ ਕੰਪਨੀ ਲਈ ਸਕੂਟਰ ਡਰਾਈਵਰ ਬਣ ਜਾਵਾਂ। ਇਸ ਤੋਂ ਬਾਅਦ ਮੈਂ ਹਾਂ ਕਰ ਦਿੱਤੀ ਤੇ ਨਿੱਜੀ ਕੰਪਨੀ ਵੱਲੋਂ ਸਕੂਟਰ ਲੈ ਕੇ ਟੈਕਸੀ ਦੇ ਰੂਪ 'ਚ ਸਕੂਟਰ ਰਾਹੀਂ ਸਵਾਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਾਉਣ ਲੱਗ ਪਈ। ਛੇ ਮਹੀਨੇ 'ਚ ਉਹ ਪੰਜ ਹਜ਼ਾਰ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਾ ਚੁੱਕੀ ਹੈ।