ਜਤਿੰਦਰ ਪੰਮੀ, ਜਲੰਧਰ : ਪੰਜਾਬੀ ਸਾਹਿਤ ਸਭਾ ਜਲੰਧਰ ਛਾਉਣੀ ਵੱਲੋਂ ਪਹਿਲਾ ਹਰਨਾਮ ਦਾਸ ਸਹਿਰਾਈ ਐਵਾਰਡ, ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ ਨੂੰ ਦਿੱਤਾ ਜਾ ਰਿਹਾ ਹੈ। ਇਸ ਬਾਰੇ ਸਭਾ ਦੇ ਪ੍ਰਧਾਨ ਹਰਮੀਤ ਸਿੰਘ ਅਟਵਾਲ ਤੇ ਜਨਰਲ ਸਕੱਤਰ ਪਰਮਜੀਤ ਸਿੰਘ ਸੰਸੋਆ ਨੇ ਦੱਸਿਆ ਕਿ ਉੱਘੇ ਲੇਖਕ ਓਮ ਪ੍ਰਕਾਸ਼ ਗਾਸੋ ਨੂੰ ਇਹ ਐਵਾਰਡ ਦੇਣ ਲਈ 28 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਐਵਾਰਡ ਵਿਚ 11 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੇ ਹੋਰ ਤਿਲ ਫੁੱਲ ਸ਼ਾਮਲ ਹਨ। ਇਸ ਬਾਰੇ ਉਨ੍ਹਾਂ ਦੱਸਿਆ ਕਿ ਇਹ ਇਨਾਮ ਸਭਾ ਵੱਲੋਂ ਹਰ ਸਾਲ ਕਿਸੇ ਉੱਘੀ ਨਾਮਵਰ ਪੰਜਾਬੀ ਸਾਹਿਤਕ ਹਸਤੀ ਨੂੰ ਦਿੱਤਾ ਜਾਇਆ ਕਰੇਗਾ। ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਤੇ ਸ਼ਾਇਰ ਡਾ. ਲਖਵਿੰਦਰ ਸਿੰਘ ਜੌਹਲ ਹੋਣਗੇ। ਸਮਾਗਮ ਦੀ ਪ੍ਰਧਾਨਗੀ ਬਹੁਪੱਖੀ ਸ਼ਖ਼ਸੀਅਤ 'ਪੰਜਾਬੀ ਜਾਗਰਣ' ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਕਰਨਗੇ। ਹਰਮੀਤ ਅਟਵਾਲ ਤੇ ਪਰਮਜੀਤ ਸਿੰਘ ਸੰਸੋਆ ਨੇ ਅੱਗੇ ਦੱਸਿਆ ਕਿ ਡਾ. ਸੁਦਰਸ਼ਨ ਗਾਸੋ, ਕੁਲਦੀਪ ਰਾਏ ਚੌਹਾਨ ਤੇ ਗੁਰਪ੍ਰੀਤ ਸਿੰਘ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਹੋਣਗੇ।

ਇਸ ਮੌਕੇ ਕੁਝ ਨਵੀਆਂ ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿਚ ਹਰਮੀਤ ਸਿੰਘ ਅਟਵਾਲ ਦੀ ਪੁਸਤਕ 'ਅਦਬੀ ਗੱਲਾਂ', ਵਰਿੰਦਰ ਸਿੰਘ ਵਾਲੀਆ ਦੀ ਪੁਸਤਕ 'ਅਬਾਬੀਲਾਂ ਦੀ ਪਰਵਾਜ਼', ਡਾ. ਬਲਦੇਵ ਸਿੰਘ ਬੱਦਨ ਵੱਲੋਂ ਅਨੁਵਾਦਿਤ ਪੁਸਤਕ 'ਡਾ. ਬਾਬਾ ਸਾਹਿਬ ਅੰਬੇਡਕਰ ਦੀ ਜੀਵਨੀ ਕਿ੍ਤ ਧਨੰਜਯ ਕੀਰ' ਤੇ ਜਗਤਾਰ ਸਿੰਘ ਭੁੱਲਰ ਦੀ ਪੁਸਤਕ 'ਪੰਜਾਬ ਸਿਆਂ ਮੈਂ ਚੰਡੀਗੜ੍ਹ ਬੋਲਦਾਂ' ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਨਾਲ ਸਭਾ ਦੇ ਸਾਹਿਤਕ ਸਲਾਹਕਾਰ ਸੁਸ਼ੀਲ ਕੁਮਾਰ, ਖਜ਼ਾਨਚੀ ਪਰਵਿੰਦਰ ਸਿੰਘ ਅਤੇ ਉਪ ਪ੍ਰਧਾਨ ਹਰਪਾਲ ਸਿੰਘ ਸੈਣੀ ਹਾਜ਼ਰ ਸਨ।

Posted By: Susheel Khanna