ਜਤਿੰਦਰ ਪੰਮੀ, ਜਲੰਧਰ : ਪਾਵਰਕਾਮ ਦੇ ਇਨਫੋਰਸਮੈਂਟ ਵਿਭਾਗ ਨੇ ਬਿਜਲੀ ਚੋਰੀ ਦੇ ਦੋਸ਼ ’ਚ ਫੋਕਲ ਪੁਆਇੰਟ ਲੁਧਿਆਣਾ ਡਵੀਜ਼ਨ ’ਚ ਤਾਇਨਾਤ ਜੇਈ ਤੇ ਤਿੰਨ ਲਾਈਨਮੈਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੀਐੱਸਪੀਸੀਐੱਲ ਦੇ ਸੀਐੱਮਡੀ ਏ ਵੈਣੂਪ੍ਰਸਾਦ ਨੇ ਲੁਧਿਆਣਾ ਦੇ ਐਂਟੀ ਪਾਵਰ ਥੈਫਟ ਪੁਲਿਸ ਸਟੇਸ਼ਨ ਦੇ ਐੱਸਐੱਚਓ ਤੇ ਇਕ ਸਿਪਾਹੀ ਨੂੰ ਤੁਰੰਤ ਪ੍ਰਭਾਵ ਨਾਲ ਬਦਲੇ ਜਾਣ ਦੇ ਹੁਕਮ ਵੀ ਦਿੱਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਐੱਸਪੀਸੀਐੱਲ ਦੇ ਇਨਫੋਰਸਮੈਂਟ ਵਿਭਾਗ ਦੇ ਚੀਫ ਇੰਜੀਨੀਅਰ ਜਸਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਆਪਣੇ ਵਿਭਾਗ ਦੇ ਚਾਰ ਮੁਲਾਜ਼ਮਾਂ ਨੂੰ ਬਿਜਲੀ ਚੋਰੀ ਦੇ ਮਾਮਲੇ ’ਚ ਦੋਸ਼ੀ ਪਾਏ ਜਾਣ ’ਤੇ ਮੁਅੱਤਲ ਕੀਤਾ ਗਿਆ, ਜਿਨ੍ਹਾਂ ਵਿਚ ਇਕ ਜੇਈ ਤੇ ਤਿੰਨ ਲਾਈਨਮੈਨ ਹਨ।

ਇੰਜ. ਭੁੱਲਰ ਨੇ ਦੱਸਿਆ ਕਿ ਫਰਵਰੀ ਮਹੀਨੇ ਦੌਰਾਨ ਜਲੰਧਰ ਤੋਂ ਗਈ ਇਨਫੋਰਸਮੈਂਟ ਵਿਭਾਗ ਦੀ ਟੀਮ ਨੇ ਲੁਧਿਆਣਾ ਫੋਕਲ ਪੁਆਇੰਟ ਦੇ ਉਦਯੋਗਿਕ ਖਪਤਕਾਰ ਵੱਲੋਂ ਨੇੜਲੇ ਟਰਾਂਸਫਾਰਮਰ ਤੋਂ ਸਿੱਧੀ ਤਾਰ ਪਾ ਕੇ ਬਿਜਲੀ ਚੋਰੀ ਦਾ ਮਾਮਲਾ ਫੜਿਆ ਸੀ।

ਇਸ ਮਾਮਲੇ ’ਚ ਖਪਤਕਾਰ ਨੂੰ ਬਿਜਲੀ ਚੋਰੀ ਦੇ ਦੋਸ਼ ਤਹਿਤ 27 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਸੀ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ-ਪੜਤਾਲ ਕਰਨ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਪਾਵਰਕਾਮ ਦੇ ਕੁਝ ਮੁਲਾਜ਼ਮ ਵੀ ਬਿਜਲੀ ਚੋਰੀ ਕਰਵਾਉਣ ’ਚ ਸ਼ਾਮਲ ਸਨ। ਜਾਂਚ ਦੌਰਾਨ ਅਧਿਕਾਰੀਆਂ ਨੇ ਉਕਤ ਮੁਲਾਜ਼ਮਾਂ ਨੂੰ ਬਿਜਲੀ ਚੋਰੀ ਰੋਕਣ ਲਈ ਆਪਣੀ ਡਿਊਟੀ ਨਿਭਾਉਣ ’ਚ ਅਗਹਿਲੀ ਕਰਨ ਦਾ ਦੋਸ਼ੀ ਪਾਇਆ।

ਉਨ੍ਹਾਂ ਦੱਸਿਆ ਕਿ ਸੀਐੱਮਡੀ ਨੇ ਬਿਜਲੀ ਚੋਰੀ ਦੇ ਮਾਮਲੇ ’ਚ ਅਣਗਹਿਲੀ ਵਰਤਣ ਤੇ ਸ਼ੱਕੀ ਭੂਮਿਕਾ ਨਿਭਾਈ ਜਾਣ ਦੇ ਦੇਸ਼ ਵਿਚ ਲੁਧਿਆਣਾ ਦੇ ਐਂਟੀ ਪਾਵਰ ਥੈਫਟ ਪੁਲਿਸ ਸਟੇਸ਼ਨ ਦੇ ਐੱਸਐੱਚਓ ਤੇ ਇਕ ਸਿਪਾਹੀ ਨੂੰ ਤੁਰੰਤ ਪ੍ਰਭਾਵ ਨੂੰ ਬਦਲੇ ਜਾਣ ਦੇ ਵੀ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਚੋਰੀ ਦੀ ਜਾਣਕਾਰੀ ਦੇਣ ਲਈ ਵਿਭਾਗ ਦੇ ਵਟਸਐੱਪ ਨੰਬਰ 96461-75770 ’ਤੇ ਮੈਸੇਜ ਵੀ ਕੀਤਾ ਜਾ ਸਕਦਾ ਹੈ।

Posted By: Jagjit Singh