ਨਿਗਮ ਨੇ ਸ਼ਹਿਰ ’ਚੋਂ ਉਤਾਰੇ ਗੈਰ-ਕਾਨੂੰਨੀ ਬੋਰਡ ਤੇ ਬੈਨਰ
ਨਿਗਮ ਦੀ ਇਸ਼ਤਿਹਾਰ ਸ਼ਾਖਾ ਨੇ ਸ਼ਹਿਰ ਤੋਂ ਉਤਾਰੇ ਗੈਰਕਾਨੂੰਨੀ ਬੋਰਡ ਤੇ ਬੈਨਰ
Publish Date: Mon, 01 Dec 2025 08:47 PM (IST)
Updated Date: Tue, 02 Dec 2025 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੀ ਇਸ਼ਤਿਹਾਰ ਸ਼ਾਖਾ ਨੇ ਸੋਮਵਾਰ ਨੂੰ ਸ਼ਹਿਰ ਦੇ ਕਈ ਇਲਾਕਿਆਂ ਤੋਂ ਬਿਨਾਂ ਮਨਜ਼ੂਰੀ ਲੱਗੇ ਵਿਗਿਆਪਨ ਬੋਰਡ ਤੇ ਬੈਨਰ ਉਤਾਰ ਦਿੱਤੇ। ਇਸ਼ਤਿਹਾਰ ਸ਼ਾਖਾ ਦੇ ਸੁਪਰਟੈਂਡੈਂਟ ਮਨਦੀਪ ਸਿੰਘ ਨੇ ਟੀਮਾਂ ਨੂੰ ਵੱਖ–ਵੱਖ ਇਲਾਕਿਆਂ ’ਚ ਭੇਜਿਆ ਤੇ ਸਾਰੇ ਬੋਰਡ ਤੇ ਬੈਨਰ ਹਟਾਉਣ ਦੇ ਨਿਰਦੇਸ਼ ਦਿੱਤੇ। ਵੱਖ–ਵੱਖ ਚੌਕਾਂ, ਬਜ਼ਾਰਾਂ ਤੇ ਪੌਸ਼ ਇਲਾਕਿਆਂ ’ਚ ਕਈ ਕੰਪਨੀਆਂ, ਸ਼ੋਅਰੂਮਾਂ ਤੇ ਇੰਸਟੀਟਿਊਟਾਂ ਦੇ ਬੋਰਡ ਤੇ ਬੈਨਰ ਲੱਗੇ ਹੋਏ ਸਨ, ਜਿਨ੍ਹਾਂ ਨੂੰ ਲਗਾਉਣ ਲਈ ਨਗਰ ਨਿਗਮ ਨੂੰ ਕੋਈ ਵੀ ਫੀਸ ਨਹੀਂ ਦਿੱਤੀ ਗਈ ਸੀ। ਨਗਰ ਨਿਗਮ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਦੁਬਾਰਾ ਬਿਨਾਂ ਮਨਜ਼ੂਰੀ ਇਸ ਤਰ੍ਹਾਂ ਦੇ ਬੋਰਡ ਜਾਂ ਬੈਨਰ ਲਗਾਏ ਗਏ ਤਾਂ ਸਬੰਧਤ ਸ਼ੋਅਰੂਮ ਤੇ ਕੰਪਨੀਆਂ ਨੂੰ ਜੁਰਮਾਨਾ ਕੀਤਾ ਜਾਵੇਗਾ। ਸ਼ਹਿਰ ’ਚ ਵੱਖ-ਵੱਖ ਥਾਵਾਂ ਤੇ ਲੱਗੇ ਧਾਰਮਿਕ ਬੋਰਡ ਵੀ ਉਤਾਰੇ ਗਏ ਹਨ। ਇਨ੍ਹਾਂ ਧਾਰਮਿਕ ਬੋਰਡਾਂ ਤੇ ਦਰਜ ਪ੍ਰੋਗਰਾਮਾਂ ਦਾ ਸਮਾਂ ਨਿਕਲ ਚੁੱਕਾ ਸੀ। ਧਾਰਮਿਕ ਬੋਰਡ ਲਗਾਉਣ ਲਈ ਵੀ ਨਗਰ ਨਿਗਮ ਸ਼ਹਿਰ ’ਚ ਨਿਰਧਾਰਤ ਥਾਵਾਂ ਤੈਅ ਕਰੇਗਾ।