ਰਾਕੇਸ਼ ਗਾਂਧੀ, ਜਲੰਧਰ

ਥਾਣਾ ਨੰ. ਸੱਤ ਦੀ ਹੱਦ ਵਿਚ ਪੈਂਦੇ ਗੜ੍ਹਾ ਵਿਚ ਬੱਚਿਆਂ ਦੇ ਝਗੜੇ ਨੇ ਉਸ ਵੇਲੇ ਭਿਆਨਕ ਰੂਪ ਧਾਰਨ ਕਰ ਲਿਆ ਜਦੋਂ ਰਾਜ਼ੀਨਾਮੇ ਲਈ ਬੈਠੀਆਂ ਦੋਵੇਂ ਧਿਰਾਂ ਆਪਸ ਵਿਚ ਭਿੜ ਗਈਆਂ ਤੇ ਉੱਥੇ ਇੱਟਾਂ-ਰੋੜੇ ਅਤੇ ਤਲਵਾਰਾਂ ਚੱਲਣ ਲੱਗ ਪਈਆਂ । ਇਸ ਘਟਨਾ ਵਿਚ ਇਕ ਪੱਖ ਦੇ ਦੋ ਜਣੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜ਼ੇਰੇ ਇਲਾਜ ਭਜਨ ਲਾਲ ਵਾਸੀ ਗੜ੍ਹਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਬੱਚਿਆਂ ਦਾ ਗੁਆਂਢੀਆਂ ਦੇ ਬੱਚਿਆਂ ਨਾਲ ਵਿਵਾਦ ਹੋ ਗਿਆ ਸੀ। ਉਸ ਵਿਵਾਦ ਤੋਂ ਬਾਅਦ ਐਤਵਾਰ ਸਵੇਰੇ ਦੋਵਾਂ ਪਰਿਵਾਰਾਂ ਵੱਲੋਂ ਰਾਜ਼ੀਨਾਮੇ ਲਈ ਗੱਲਬਾਤ ਚੱਲ ਰਹੀ ਸੀ ਕਿ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਦਾ ਆਪਸ ਵਿੱਚ ਵਿਵਾਦ ਵਧ ਗਿਆ ਤਾਂ ਦੂਜੇ ਪੱਖ ਵਾਲਿਆਂ ਨੇ ਮੌਕੇ 'ਤੇ ਕੁਝ ਨੌਜਵਾਨਾਂ ਨੂੰ ਬੁਲਾ ਕੇ ਉਨ੍ਹਾਂ ਉੱਪਰ ਇੱਟਾਂ-ਰੋੜੇ ਅਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਕਦਮ ਹੋਏ ਹਮਲੇ ਤੋਂ ਬਾਅਦ ਉਹ ਅਤੇ ਉਸ ਦਾ ਭਰਾ ਸੁਖਦੇਵ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪਰਿਵਾਰ ਵਾਲਿਆਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ।

ਘਟਨਾ ਦੀ ਸੂਚਨਾ ਥਾਣਾ ਨੰਬਰ ਸੱਤ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਥਾਣਾ ਮੁਖੀ ਇੰਸਪੈਕਟਰ ਰਸ਼ਮਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ ਅਤੇ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।