ਮਦਨ ਭਾਰਦਵਾਜ, ਜਲੰਧਰ

ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਦੇ ਵਾਰਡ ਦੀ ਦੁਸਹਿਰਾ ਗਰਾਊਂਡ ਦਾ ਠੇਕੇਦਾਰ ਸੁਰਜੀਤ ਸਿੰਘ ਨਾਗੀ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਕੰਮ ਕੇਂਦਰ ਦੀ ਅਮਰੁਤ ਯੋਜਨਾ ਦੇ ਅਧੀਨ ਲਏ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਕੀਤਾ ਜਾ ਰਿਹਾ ਹੈ। ਠੇਕੇਦਾਰ ਵਲੋਂ ਉਕਤ ਪਾਰਕ ਦਾ ਠੇਕਾ ਲੈਣ ਦੇ ਬਾਅਦ ਲਗਪਗ 8 ਮਹੀਨੇ ਤਕ ਕੰਮ ਸ਼ੁਰੂ ਨਾ ਕੀਤੇ ਜਾਣ ਤੇ ਡਿਪਟੀ ਮੇਅਰ ਨੇ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਮਸਲਾ ਉਠਾਇਆ ਸੀ ਅਤੇ ਠੇਕੇਦਾਰ ਸੁਰਜੀਤ ਸਿੰਘ ਨਾਗੀ ਨੂੰ ਬਲੈਕ ਲਿਸਟ ਕਰਨ ਦੀ ਮੰਗ ਕੀਤੀ ਸੀ ਜਿਸ ਦੇ ਬਾਅਦ ਠੇਕੇਦਾਰ ਨੂੰ ਇਕ-ਇਕ ਹਫਤੇ ਦਾ ਸਮਾਂ ਪਾ ਕੇ ਦੋ ਨੋਟਿਸ ਜਾਰੀ ਕੀਤੇ ਗਏ ਸਨ ਜਿਨ੍ਹਾਂ ਦਾ ਉਸ ਨੇ ਬਕਾਇਦਾ ਜਵਾਬ ਵੀ ਦਿੱਤਾ ਸੀ ਤੇ ਸਪਸ਼ਟ ਕੀਤਾ ਸੀ ਕਿ ਉਕਤ ਕੰਮ ਕੇਂਦਰ ਦੀ ਅਮਰੁਤ ਯੋਜਨਾ ਦੇ ਅਧੀਨ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਤਬਦੀਲੀ ਅਸੰਭਵ ਹੈ। ਉਸ ਨੇ ਪੱਤਰ ਵਿਚ ਲਿਖਿਆ ਸੀ ਕਿ ਉਹ ਇਸ ਮਸਲੇ ਦੇ ਸਬੰਧ ਵਿਚ ਆਉਦੇ ਮੰਗਲਵਾਰ ਨੂੰ ਵਿੱਤ ਅਤੇ ਠੇਕਾ ਕਮੇਟੀ ਦੀ ਹੋਣ ਵਾਲੀ ਮੀਟਿੰਗ 'ਚ ਪੇਸ਼ ਹੋ ਕੇ ਆਪਣਾ ਪੱਖ ਰੱਖੇਗਾ। ਉਸ ਨੇ ਪੱਤਰ ਵਿਚ ਦੋਸ਼ ਲਾਇਆ ਹੈ ਕਿ ਉਸ ਤੇ ਸਿਆਸੀ ਦਬਾਅ ਪਾ ਕੇ ਠੇਕੇ ਦੀਆਂ ਸ਼ਰਤਾਂ 'ਚ ਤਬਦੀਲੀ ਕਰਨ ਲਈ ਕਿਹਾ ਜਾ ਰਿਹਾ ਹੈ ਜੋ ਕਿ ਅਸੰਭਵ ਹੈ। ਇਸ ਲਈ ਉਹ ਉਕਤ ਮੀਟਿੰਗ ਵਿਚ ਪੇਸ਼ ਹੋ ਕੇ ਆਪਣੀ ਸਥਿਤੀ ਸਪਸ਼ਟ ਕਰੇਗਾ।

ਵਰਨਣਯੋਗ ਹੈ ਕਿ ਠੇਕੇਦਾਰ ਨਾਗੀ ਨੂੰ ਦੋ ਨੋਟਿਸ ਜਾਰੀ ਕਰਨ ਦੇ ਬਾਅਦ ਨਗਰ ਨਿਗਮ ਤੀਜਾ ਨੋਟਿਸ ਦੇਣ ਦੀ ਤਿਆਰੀ ਵਿਚ ਹੈ, ਪਰ ਇਸ ਤੋਂ ਪਹਿਲਾਂ ਹੀ ਠੇਕੇਦਾਰ ਨੇ ਦੁਸਹਿਰਾ ਗਰਾਊਂਡ ਵਿਚ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਉਸ ਦਾ ਤੀਜੇ ਨੋਟਿਸ ਜਾਰੀ ਹੋਣ ਅਤੇ ਬਲੈਕ ਲਿਸਟ ਹੋਣ ਤੇ ਬਚਾਅ ਹੋਣ ਦੀ ਸੰਭਾਵਨਾ ਹੈ। ਇਹ ਵਰਨਣਯੋਗ ਹੈ ਕਿ ਉਕਤ ਗਰਾਊਂਡ ਦਾ ਠੇਕਾ ਹੋਣ ਦੇ ਬਾਅਦ ਠੇਕੇਦਾਰ ਨੇ ਲਗਪਗ 8 ਮਹੀਨੇ ਤਕ ਕੰਮ ਸ਼ੁਰੂ ਨਹੀਂ ਕੀਤਾ ਸੀ ਜਿਸ ਕਾਰਨ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਇਸ 'ਤੇ ਇਤਰਾਜ਼ ਕੀਤਾ ਤੇ ਠੇਕੇਦਾਰ ਨੂੰ ਬਲੈਕ ਲਿਸਟ ਕਰਨ ਦੀ ਮੰਗ ਕੀਤੀ ਸੀ ਜਿਸ ਦੇ ਆਧਾਰ ਤੇ ਹੀ ਉਸ ਨੂੰ ਦੋ ਨੋਟਿਸ ਜਾਰੀ ਕੀਤੇ ਸਨ।

ਇਸ ਦੌਰਾਨ ਪਤਾ ਕੀਤਾ ਗਿਆ ਤਾਂ ਦਸਿਆ ਗਿਆ ਕਿ ਕੇਂਦਰ ਦੀਆਂ ਨਗਰ ਨਿਗਮ ਵਿਚ ਚਲ ਰਹੀਆਂ ਯੋਜਨਾਵਾਂ ਦੇ ਠੇਕਿਆਂ ਵਿਚ ਤਬਦੀਲੀ ਨਹੀਂ ਕੀਤੀ ਜਾ ਸਕਦੀ। ਇਸੇ ਕਰਕੇ ਹੀ ਦੁੁਸਹਿਰਾ ਗਰਾਊਂਡ ਦੇ ਅਮਰੁਤ ਯੋਜਨਾ ਅਧੀਨ ਚੱਲ ਰਹੇ ਠੇਕੇ 'ਚ ਕਿਸੇ ਤਰ੍ਹਾਂ ਦੀ ਤਬਦੀਲੀ ਕਰਨਾ ਅਸੰਭਵ ਹੈ। ਇਸ ਸਬੰਧ ਵਿਚ ਜਦੋਂ ਨਗਰ ਨਿਗਮ ਦੇ ਐੱਸਈ ਰਜਨੀਸ਼ ਡੋਗਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕੇਂਦਰੀ ਸਕੀਮਾਂ ਦੇ ਟੈਂਡਰ ਵਿਚ ਕਿਸੇ ਤਰ੍ਹਾਂ ਦੀ ਨਿਗਮ ਵਲੋਂ ਤਬਦੀਲੀ ਕਰਨਾ ਅਸੰਭਵ ਹੈ ਅਤੇ ਅਸੀਂ ਹੁਣ ਉਕਤ ਤਬਦੀਲੀ ਲਈ ਵਿੱਤ ਅਤੇ ਠੇਕਾ ਕਮੇਟੀ ਦੀ 11 ਮਈ ਨੂੰ ਹੋਣ ਵਾਲੀ ਮੀਟਿੰਗ ਦੇ ਏਜੰਡੇ ਵਿਚ ਮਤਾ ਸ਼ਾਮਲ ਕੀਤਾ ਜਾਏਗਾ ਜਿਸ ਦੀ ਮਨਜ਼ੂਰੀ ਚੰਡੀਗੜ੍ਹ ਤੋਂ ਲੈ ਕੇ ਫਿਰ ਤਬਦੀਲੀ ਸੰਭਵ ਹੋ ਸਕੇਗੀ। ਇਸ ਲਈ ਅਜੇ ਤੀਜਾ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਚੰਡੀਗੜ ਤੋਂ ਤਬਦੀਲੀ ਸਬੰਧੀ ਆਉਣ ਵਾਲੇ ਹੁਕਮ ਦੀ ਉਡੀਕ ਕੀਤੀ ਜਾਵੇਗੀ।