ਬਲਵਿੰਦਰ ਸਿੰਘ/ਅਮਰਜੀਤ ਸਿੰਘ ਲਵਲਾ/ਤਰੁਣਪਾਲ ਸਿੰਘ, ਜਲੰਧਰ: ਕੋਰੋਨਾ ਦੇ ਦੋ ਮਰੀਜ਼ਾਂ ਦੀ ਮੌਤ ਮਗਰੋਂ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਨਾਲ ਦੇਹਾਂ ਦੀ ਅਦਲਾ-ਬਦਲੀ ਹੋਣ ਕਾਰਨ ਸਬੰਧਤ ਮਿ੍ਤਕਾਂ ਦੇ ਵਾਰਿਸਾਂ ਨੇ ਸ੍ਰੀਮੰਨ ਹਸਪਤਾਲ ਪੁੱਜ ਕੇ ਹੰਗਾਮਾ ਕੀਤਾ ਤੇ ਹਸਪਤਾਲ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ। ਦੋਵਾਂ ਪਰਿਵਾਰਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਲਾਸ਼ਾਂ ਦੀ ਅਦਲਾ-ਬਦਲੀ ਕਾਰਨ ਇਕ ਮਿ੍ਤਕ ਦਾ ਸਸਕਾਰ ਦੂਜੇ ਪਰਿਵਾਰ ਵੱਲੋਂ ਫਗਵਾੜਾ ਵਿਚ ਕਰ ਦਿੱਤਾ ਗਿਆ ਹੈ।

ਮਾਡਲ ਹਾਊਸ ਰੋਡ ਬੂਟਾ ਮੰਡੀ ਦੇ ਵਸਨੀਕ ਮੋਹਨ ਲਾਲ ਨੇ ਦੱਸਿਆ ਕਿ ਉਸ ਦੇ ਪਿਤਾ ਤਰਸੇਮ ਲਾਲ (80) ਨੂੰ ਕੋਰੋਨਾ ਸੀ, ਦੋ ਦਿਨ ਪਹਿਲਾਂ ਸ੍ਰੀਮੰਨ ਹਸਪਤਾਲ ਲੈ ਕੇ ਆਏ ਸਨ। ਮੌਤ ਮਗਰੋਂ ਪਰਿਵਾਰ ਨੇ ਜਬਰਦਸਤੀ ਲਾਸ਼ ਦਾ ਚਿਹਰਾ ਦੇਖਿਆ ਗਿਆ ਤਾਂ ਇਹ ਤਰਸੇਮ ਲਾਲ ਦਾ ਨਹੀਂ, ਕਿਸੇ ਹੋਰ ਦਾ ਚਿਹਰਾ ਸੀ। ਓਧਰ ਹੰਗਾਮੇ ਮਗਰੋਂ ਪੁੱਜੇ ਥਾਣਾ ਨੰਬਰ ਅੱਠ ਦੇ ਐੱਸਐੱਚਓ ਕਮਲਜੀਤ ਸਿੰਘ ਅਤੇ ਏਸੀਪੀ ਨਾਰਥ ਸੁਖਜਿੰਦਰ ਸਿੰਘ ਨੇ ਮਾਮਲਾ ਸ਼ਾਂਤ ਕਰਵਾਇਆ।

ਜਾਣਕਾਰੀ ਮੁਤਾਬਕ ਹਸਪਤਾਲ ਪ੍ਰਬੰਧਕਾਂ ਨੇ ਫਗਵਾੜਾ ਭੇਜੀ ਗਈ ਮਿ੍ਤਕ ਦੇਹ ਸਬੰਧੀ ਜਸਪਾਲ ਸਿੰਘ ਦੇ ਪਰਿਵਾਰ ਨਾਲ ਸੰਪਰਕ ਕੀਤਾ। ਮਿ੍ਤਕ ਜਸਪਾਲ ਸਿੰਘ ਦੇ ਪੁੱਤਰ ਪ੍ਰਭਲੀਨ ਸਿੰਘ ਤੋਂ ਪੁੱਿਛਆ ਗਿਆ ਕਿ ਉਨ੍ਹਾਂ ਨੇ ਆਪਣੇ ਪਿਤਾ ਦਾ ਸਸਕਾਰ ਤਾਂ ਨਹੀਂ ਕੀਤਾ? ਸ਼ਾਇਦ ਮਿ੍ਤਕ ਦੇਹ ਬਦਲੀ ਗਈ ਹੈ। ਹਸਪਤਾਲ ਵਿਚ ਪਹੁੰਚੇ ਤਰਸੇਮ ਲਾਲ ਦੇ ਪੁੱਤਰ ਮੋਹਨ ਲਾਲ, ਧੀ ਪਿੰਕੀ ਤੇ ਹੋਰ ਮੈਂਬਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਪਿਤਾ ਦੀ ਦੇਹ ਦੇ ਅੰਗਾਂ ਨੂੰ ਕੱਢੇ ਗਏ ਹਨ।

ਦੂਜੇ ਪਾਸੇ ਫਗਵਾੜਾ ਦੇ ਮਿ੍ਤਕ ਜਸਪਾਲ ਸਿੰਘ ਦੇ ਪੁੱਤਰ ਪ੍ਰਭਲੀਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜਿਹੜੀ ਦੇਹ ਦਾ ਸਸਕਾਰ ਕੀਤਾ ਹੈ, ਉਹ ਤਰਸੇਮ ਲਾਲ ਦੀ ਦੇਹ ਸੀ ਜਾਂ ਨਹੀਂ, ਬਾਰੇ ਪੂਰਾ ਪਤਾ ਨਹੀਂ ਹੈ। ਹਸਪਤਾਲ ਵੱਲੋਂ ਸਖ਼ਤ ਹਦਾਇਤਾਂ ਸਨ ਕਿ ਉਹ ਐਂਬੂਲੈਂਸ ਦਾ ਕਿਰਾਇਆ ਦੇਣਗੇ ਤੇ ਮਿ੍ਤਕ ਨੂੰ ਕੋਰੋਨਾ ਸੀ, ਉਸ ਦਾ ਚਿਹਰਾ ਨਹੀਂ ਵੇਖਣਗੇ। ਫੋਟੋ ਵੀ ਦੇਹ ਦੀ ਨਹੀਂ ਖਿੱਚਣੀ, ਸਿਰਫ਼ ਥੈਲੇ ਦੀ ਖਿੱਚਣੀ ਹੈ। ਜਦੋਂ ਉਨ੍ਹਾਂ ਨੂੰ ਲਾਸ਼ਾਂ ਦੀ ਅਦਲਾ-ਬਦਲੀ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਹਸਪਤਾਲ ਵਿਚ ਪੁੱਜੇ। ਹੁਣ ਉਹ ਚਾਹੁੰਦੇ ਹਨ ਕਿ ਜੇ ਇਹ ਦੇਹ ਤਰਸੇਮ ਲਾਲ ਦੀ ਸੀ ਤਾਂ ਉਨ੍ਹਾਂ ਦਾ ਪਰਿਵਾਰ ਮਿ੍ਤਕ ਦਾ ਆਧਾਰ ਕਾਰਡ ਦੇਵੇ ਤਾਂ ਜੋ ਉਨ੍ਹਾਂ ਦੇ ਸਸਕਾਰ ਸਬੰਧੀ ਪਰਚੀਆਂ ਤੇ ਮੌਤ ਦਾ ਸਰਟੀਫਿਕੇਟ ਬਣਾਇਆ ਜਾ ਸਕੇ।

ਇਸ ਮੌਕੇ ਪੁੱਜੇ ਏਸੀਪੀ ਨਾਰਥ ਸੁਖਜਿੰਦਰ ਸਿੰਘ ਨੇ ਕਿਹਾ ਕਿ ਉਹ ਅਧਿਕਾਰਤ ਬਿਆਨ ਨਹੀਂ ਦੇ ਸਕਦੇ ਕਿਉਂਕਿ ਖ਼ਾਸ ਡਿਊਟੀ 'ਤੇ ਆਏ ਹਨ। ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਵਿਸ਼ਵਾਸ ਦਿੱਤਾ ਕਿ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਕਰਨਗੇ।

ਇਸ ਸਬੰਧੀ ਸ਼੍ਰੀਮੰਨ ਹਸਪਤਾਲ ਦੇ ਡਾ. ਵੀਪੀ ਸ਼ਰਮਾ ਨੇ ਦੱਸਿਆ ਕਿ ਦੋਵਾਂ ਮਿ੍ਤਕਾਂ ਨੂੰ ਜਿਹੜੇ ਬੈਗਾਂ ਵਿਚ ਪੈਕ ਕੀਤਾ ਗਿਆ ਸੀ, ਉਹ ਦੇਖਣ ਵਿਚ ਇੱਕੋ ਜਿਹੇ ਲੱਗਦੇ ਸਨ। ਮਿ੍ਤਕ ਦੇਹਾਂ ਸੌਂਪਣ ਵਾਲੇ ਸਟਾਫ ਦੀ ਗ਼ਲਤੀ ਨਾਲ ਲਾਸ਼ਾਂ ਬਦਲੀਆਂ ਗਈਆਂ ਹਨ। ਹਸਪਤਾਲ ਦੇ ਬੋਰਡ ਆਫ ਡਾਇਰਕੈਟਰਜ਼ ਦੀ ਮੀਟਿੰਗ ਕਰ ਕੇ ਜਾਂਚ ਕੀਤੀ ਜਾਵੇਗੀ, ਜਿਹੜੇ ਸਟਾਫ ਮੈਂਬਰ ਗਲਤੀ ਲਈ ਜ਼ਿੰਮੇਵਾਰ ਹੋਣਗੇ, ਉਨ੍ਹਾਂ ਉੱਤੇ ਕਾਰਵਾਈ ਹੋਵੇਗੀ।

ਇਸ ਮਾਮਲੇ ਬਾਰੇ ਹੋਰ ਜਾਣਕਾਰੀ ਲੈਣ ਲਈ ਐੱਸਐੱਚਓ ਥਾਣਾ ਨੰਬਰ ਅੱਠ ਕਮਲਜੀਤ ਸਿੰਘ ਨੂੰ ਵਾਰ ਵਾਰ ਫੋਨ ਕੀਤਾ ਪਰ ਉਨ੍ਹਾਂ ਨੇ ਚੁੱਕਿਆ ਨਹੀਂ।

Posted By: Jagjit Singh