ਮਦਨ ਭਾਰਦਵਾਜ, ਜਲੰਧਰ

ਜਲੰਧਰ ਵਿਚ ਮਰਦਮਸ਼ੁਮਾਰੀ ਪ੍ਰਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ, ਜਿਹੜਾ ਕਿ 3 ਪੜਾਵਾਂ 'ਚ ਪੂਰਾ ਹੋਵੇਗਾ ਜਦੋਂਕਿ ਪਹਿਲਾ ਪੜਾਅ 15 ਮਈ ਤੋਂ 30 ਜੂਨ 2020 'ਚ ਪੂਰਾ ਹੋਵੇਗਾ। ਇਸ ਤੋਂ ਇਲਾਵਾ ਦੂਜਾ ਪੜਾਅ ਸਤੰਬਰ 2020 ਤਕ ਅਤੇ ਤੀਜਾ ਤੇ ਅੰਤਿਮ ਪੜਾਅ 9 ਫਰਵਰੀ 2020 ਤੋਂ ਸ਼ੁਰੂ ਹੋ ਕੇ 28 ਫਰਵਰੀ 2021 ਵਿਚ ਖਤਮ ਹੋਵੇਗਾ। ਇਸ ਸਬੰਧੀ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਤੇ ਮਰਦਮਸ਼ੁਮਾਰੀ ਦੇ ਅਫਸਰ ਰਾਜੀਵ ਵਰਮਾ ਨੇ ਦੱਸਿਆ ਕਿ ਮਰਦਮਸ਼ੁਮਾਰੀ ਦੇ ਪਿ੍ਰੰਸੀਪਲ ਅਫਸਰ ਅਤੇ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਹੋਣਗੇ।

-----

-15 ਮਈ ਤੋਂ 30 ਜੂਨ ਤਕ ਪਹਿਲਾ ਪੜਾਅ

ਜੁਆਇੰਟ ਕਮਿਸ਼ਨਰ ਰਾਜੀਵ ਵਰਮਾ ਨੇ ਦੱਸਿਆ ਕਿ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ 15 ਮਈ ਤੋਂ 30 ਜੂਨ 2020 ਤਕ ਡੇਢ ਮਹੀਨੇ ਤਕ ਚੱਲੇਗਾ, ਜਿਸ ਵਿਚ ਸ਼ਹਿਰ ਦੇ ਘਰਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਸਾਰਾ ਵੇਰਵਾ ਇਕੱਠਾ ਕੀਤਾ ਜਾਵੇਗਾ।

-----

-ਦੂਜਾ ਪੜਾਅ ਸਤੰਬਰ 2020 ਤਕ

ਮਰਦਮਸ਼ੁਮਾਰੀ ਦਾ ਦੂਜਾ ਪੜਾਅ ਸਤੰਬਰ 2020 ਤਕ ਖਤਮ ਹੋਵੇਗਾ, ਜਿਸ ਵਿਚ ਨੈਸ਼ਨਲ ਪਾਪੂਲੇਸ਼ਨ ਰਜਿਸਟ੍ਰੇਸ਼ਨ (ਐੱਨਪੀਆਰ) ਨੂੰ ਪੂਰਾ ਕੀਤਾ ਜਾਵੇਗਾ, ਜਿਸ ਵਿਚ ਘਰ ਦੇ ਪਰਿਵਾਰਾਂ ਦੀ ਗਿਣਤੀ, ਪਰਿਵਾਰਕ ਮੈਂਬਰਾਂ ਦੀ ਗਿਣਤੀ, ਇਕ ਘਰ ਵਿਚ ਕਿੰਨੇ ਪਰਿਵਾਰ ਰਹਿੰਦੇ ਹਨ ਅਤੇ ਉਨ੍ਹਾਂ ਦੇ ਅੱਗੇ ਕਿੰਨੇ ਜੀਅ ਹਨ। ਇਸ 'ਤੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ।

9 ਫਰਵਰੀ 2020 ਤੋਂ 28 ਫਰਵਰੀ 2021 ਤਕ ਉਕਤ ਤੀਜਾ ਅਤੇ ਅੰਤਿਮ ਪੜਾਅ ਹੋਵੇਗਾ ਜਿਹੜਾ ਕਿ ਇਕ ਸਾਲ 21 ਦਿਨ ਤਕ ਚੱਲੇਗਾ, ਜਿਸ ਵਿਚ ਵਿਸਥਾਰ ਨਾਲ ਵੇਰਵਾ ਇਕੱਠਾ ਕੀਤਾ ਜਾਵੇਗਾ ਕਿ ਇਕ ਪਰਿਵਾਰ ਵਿਚ ਕਿੰਨੇ ਮੈਂਬਰ, ਕਿੰਨੇ ਬੱਚੇ ਅਤੇ ਉਨ੍ਹਾਂ ਦੇ ਕਿੰਨੇ ਬੱਚੇ ਤੇ 6 ਮਹੀਨੇ ਦਾ ਬੱਚਾ, 6 ਤੋਂ 14 ਸਾਲ ਅਤੇ 14 ਸਾਲ ਤੋਂ ਉਪਰ ਦੀ ਉਮਰ ਦੇ ਬੱਚਿਆਂ ਦੀ ਜਾਣਕਾਰੀ, ਉਨ੍ਹਾਂ ਦੀ ਪੜ੍ਹਾਈ ਲਿਖਾਈ ਅਤੇ ਘਰ ਦੀ ਆਮਦਨੀ ਦਾ ਕੀ ਸਾਧਨ ਹੈ ਤੇ ਕਿੰਨੀ ਹੈ। ਘਰ ਦੇ ਮੁਖੀਆ ਦਾ ਕੀ ਕੰਮ ਹੈ ਅਤੇ ਉਸ ਦੇ ਪਰਿਵਾਰ ਵਿਚ ਕਿੰਨੇ ਬੱਚੇ ਹਨ ਅਤੇ ਕਿੰਨੇ ਵਿਆਹੇ ਅਤੇ ਕੁਆਰੇ ਹਨ। ਵਿਆਹੇ ਬੱਚਿਆਂ ਦੇ ਅੱਗੇ ਕਿੰਨੇ ਬੱਚੇ ਹਨ। ਉਨ੍ਹਾਂ ਵਿਚ ਕਿੰਨੀਆਂ ਲੜਕੀਆਂ ਤੇ ਲੜਕੇ ਹਨ। ਇਨ੍ਹਾਂ ਵਿਚ ਕਿੰਨੇ ਦਿਵਿਆਂਗ ਹਨ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਇਹ ਕੰਮ ਐਨਮੂਨੇਟਰ ਨੇ ਕਰਨਾ ਹੈ ਅਤੇ ਜੇ ਉਹ ਪੇਪਰ 'ਤੇ ਕਰਦਾ ਹੈ ਤਾਂ ਉਸ ਨੂੰ 17500 ਰੁਪਏ, ਜੇ ਮੋਬਾਈਲ 'ਤੇ ਕਰਦਾ ਹੈ ਤਾਂ ਉਸ ਨੂੰ 25 ਹਜ਼ਾਰ ਰੁਪਏ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਕ ਬਲਾਕ ਵਿਚ 120 ਘਰ ਜਾਂ 180 ਘਰ ਹਨ। ਉਹ ਇਕ ਤੋਂ 4 ਬਲਾਕ ਇਕੱਠੇ ਵੀ ਕਰ ਸਕਦਾ ਹੈ ਇਹ ਉਸ 'ਤੇ ਨਿਰਭਰ ਕਰਦਾ ਹੈ।

ਉਕਤ ਮਰਦਮਸ਼ੁਮਾਰੀ ਨਗਰ ਨਿਗਮ ਦੇ 80 ਵਾਰਡਾਂ 'ਚ ਕੀਤੀ ਜਾਣੀ ਹੈ, ਜਿਸ ਵਿਚ 29 ਫੀਲਡ ਟਰੇਨਰ, 2250 ਗਿਣਤੀਕਾਰ, 350 ਸੁਪਰਵਾਈਜ਼ਰ ਲਾਉਣ ਤੋਂ ਇਲਾਵਾ ਸਪੈਸ਼ਲ ਚਾਰਜ 9 (ਰੇਲਵੇ ਕਾਲੋਨੀ, ਪੀਐਂਡਟੀ ਕਾਲੋਨੀ, ਕੇਨਾਲ ਕਾਲੋਨੀ, ਇੰਡੀਅਨ ਆਇਲ ਕਾਰਪੋਰੇਸ਼ਨ, ਪੀਏਪੀ, ਪੁਲਿਸ ਲਾਈਨ, ਇਲੈਕਟਰੀ ਸਿਟੀ ਕਾਲੋਨੀ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਇਨਕਮ ਟੈਕਸ ਕਾਲੋਨੀ, ਮਿਲਟਰੀ ਅਤੇ ਪੈਰਾ ਮਿਲਟੀ, ਬੀਐੱਸਐੱਫ, ਸੀਆਰਪੀ ਐਡ, ਏਬੀਓਡੀ, ਐੱਫਏਡੀ) ਲਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਮਰਦਮਸ਼ੁਮਾਰੀ ਦਾ ਮੁੱਖ ਮੰਤਵ ਤੱਥਾਂ ਅਤੇ ਅੰਕੜਿਆਂ ਨੂੰ ਇਕੱਠਾ ਕਰਨਾ ਹੈ, ਜੋ ਕਿ ਦੇਸ਼ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਲਾਭਕਾਰੀ ਹੋਵੇਗਾ ਅਤੇ ਇਸ ਦਾ ਲਾਭ ਲੋਕਾਂ ਨੂੰ ਵੀ ਮਿਲ ਸਕੇਗਾ।