ਕਮਿਸ਼ਨ ਕੋਲ ਦੂਜੇ ਦਿਨ ਵੀ ਨਹੀਂ ਪੁੱਜ ਕੇਸ ਰਿਪੋਰਟ, 8 ਨੂੰ ਰਿਕਾਰਡ ਭੇਜਣ ਦੇ ਹੁਕਮ
ਆਯੋਗ ਕੋਲ ਦੂਜੇ ਦਿਨ ਵੀ ਨਹੀਂ ਪਹੁੰਚੀ ਕੇਸ ਰਿਪੋਰਟ, 8 ਦਸੰਬਰ ਨੂੰ ਰਿਕਾਰਡ ਭੇਜਣ ਦੇ ਹੁਕਮ
Publish Date: Tue, 02 Dec 2025 09:00 PM (IST)
Updated Date: Tue, 02 Dec 2025 09:02 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਾਬਾਲਿਗ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਤੇ ਫਿਰ ਕਤਲ ਦੇ ਮਾਮਲੇ ’ਚ ਜਲੰਧਰ ਪੁਲਿਸ ਨੇ ਮੰਗਲਵਾਰ ਨੂੰ ਵੀ ਮਨੁੱਖੀ ਅਧਿਕਾਰ ਆਯੋਗ ਦੇ ਜਸਟਿਸ ਸਾਹਮਣੇ ਰਿਪੋਰਟ ਪੇਸ਼ ਨਹੀਂ ਕੀਤੀ। ਹੁਣ ਕਮਿਸ਼ਨ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ 8 ਦਸੰਬਰ ਨੂੰ ਇਸ ਮਾਮਲੇ ਦੀ ਪੂਰੀ ਰਿਪੋਰਟ ਸਮੇਤ ਜਾਂਚ ਅਧਿਕਾਰੀ ਨੂੰ ਕਮਿਸ਼ਨ ਦੇ ਅੱਗੇ ਪੇਸ਼ ਹੋਣਾ ਹੋਵੇਗਾ। ਇਸ ਮਾਮਲੇ ’ਚ ਜਲੰਧਰ ਦੇ ਇਕ ਏਐੱਸਆਈ ਦੀ ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ, ਜਲੰਧਰ ਮਨੁੱਖੀ ਅਧਿਕਾਰ ਸੰਗਠਨ ਦੇ ਪ੍ਰਧਾਨ ਸ਼ਸ਼ੀ ਸ਼ਰਮਾ ਨੇ ਏਸੀਪੀ ਤੇ ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਖ਼ਿਲਾਫ਼ ਕਾਰਵਾਈ ਦੀ ਮੰਗ ਕਮਿਸ਼ਨ ਕੋਲ ਕੀਤੀ ਸੀ। ਇਸ ਕਾਰਨ ਕਮਿਸ਼ਨ ਨੇ ਸਾਰੀ ਰਿਪੋਰਟ ਦੀ ਕਾਪੀ ਤੇ ਮਾਮਲਾ ਦਰਜ ਕਰਨ ਦੀ ਪੁਲਿਸ ਡਾਇਰੀ ਸਮੇਤ 8 ਦਸੰਬਰ ਨੂੰ ਜਸਟਿਸ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ। ਇਸ ਨਾਲ ਨਾਲ ਪਹਿਲੀ ਦਸੰਬਰ ਨੂੰ ਵੀ ਇਕ ਕਾਪੀ ਦੇਣ ਲਈ ਕਿਹਾ ਗਿਆ ਸੀ ਤਾਂ ਜੋ ਕਮਿਸ਼ਨ ਪੂਰੀ ਜਾਣਕਾਰੀ ਲੈ ਸਕੇ। ਮਨੁੱਖੀ ਅਧਿਕਾਰ ਸੰਸਥਾ ਦੇ ਪ੍ਰਧਾਨ ਸ਼ਸ਼ੀ ਸ਼ਰਮਾ ਆਪਣੇ ਰਿਕਾਰਡ ਸਮੇਤ ਕਮਿਸ਼ਨ ਦੇ ਦਫ਼ਤਰ ’ਚ ਹਾਜ਼ਰ ਹੋ ਗਏ ਪਰ ਜਲੰਧਰ ਪੁਲਿਸ ਪੇਸ਼ ਨਹੀਂ ਹੋਈ। ਮੰਗਲਵਾਰ ਨੂੰ ਵੀ ਜਲੰਧਰ ਪੁਲਿਸ ਨੂੰ ਕੇਸ ਫ਼ਾਈਲ ਜਮ੍ਹਾਂ ਕਰਵਾਉਣੀ ਸੀ ਜੋ ਕਿ ਨਹੀਂ ਹੋ ਸਕੀ।
ਜਲੰਧਰ ਦੇ 13 ਸਾਲਾ ਕਤਲ ਮਾਮਲੇ ’ਚ ਪੰਜਾਬ ਮਨੁੱਖੀ ਅਧਿਕਾਰ ਸੰਸਥਾ ਨੇ ਡੀਜੀਪੀ ਨੂੰ ਸ਼ਿਕਾਇਤ ਕਰਕੇ ਮੁਲਜ਼ਮ ਨੂੰ ਬਚਾਉਣ ਤੇ ਪੀੜਤਾ ਦੀ ਵਿਧਵਾ ਮਾਂ ਨੂੰ ਧਮਕਾਉਣ ਦੇ ਮਾਮਲੇ ’ਚ ਕਾਰਵਾਈ ਦੀ ਮੰਗ ਕੀਤੀ ਸੀ। ਸ਼ਿਕਾਇਤ ’ਚ ਕਿਹਾ ਗਿਆ ਸੀ ਕਿ ਸਭ ਤੋਂ ਪਹਿਲਾਂ ਪਹੁੰਚੇ ਪੁਲਿਸ ਕਰਮਚਾਰੀ ਏਐੱਸਆਈ ਮੰਗਤ ਰਾਮ, ਏਐੱਸਆਈ ਲਖਬੀਰ ਸਿੰਘ ਤੇ ਹਰਦੀਪ ਸਿੰਘ ਘਰ ’ਚ ਮੌਜੂਦ ਲਾਸ਼ ਨੂੰ ਨਹੀਂ ਦੇਖ ਸਕੇ। ਮੌਕਾ ਦੇਖਣ ਆਏ ਏਸੀਪੀ ਗਗਨਦੀਪ ਸਿੰਘ ਤੇ ਥਾਣਾ ਰਾਮਾ ਮੰਡੀ ਦੇ ਐੱਸਐੱਚਓ ਮਨਜਿੰਦਰ ਸਿੰਘ ਨੇ ਨਾ ਸਿਰਫ ਮੁਲਜ਼ਮ ਪੁਲਿਸ ਕਰਮਚਾਰੀਆਂ ਖਿਲਾਫ਼ ਕਾਰਵਾਈ ਕਰਨ ਤੋਂ ਇਨਕਾਰ ਕੀਤਾ ਸਗੋਂ ਮ੍ਰਿਤਕਾ ਦੀ ਮਾਂ ਨੂੰ ਅਪਸ਼ਬਦ ਕਹੇ ਤੇ ਬਿਆਨ ਦੇਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ।