ਅਮਰਜੀਤ ਸਿੰਘ ਵੇਹਗਲ, ਜਲੰਧਰ : ਹੈਮਕੋ ਇੰਡਸਟਰੀ 'ਚੋਂ ਭੇਦਭਰੇ ਹਾਲਾਤ 'ਚ ਫੈਕਟਰੀ ਮਜ਼ਦੂਰ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਦੇਰ ਸ਼ਾਮ ਫੈਕਟਰੀ ਮਜ਼ਦੂਰ ਫੈਕਟਰੀ 'ਚੋਂ ਕੰਮ ਕਰ ਕੇ ਆਪਣੇ ਕਮਰੇ 'ਚ ਸੁੱਤਾ ਪਿਆ ਸੀ ਤਾਂ ਦੇਰ ਰਾਤ ਉਸ ਦੀ ਕਮਰੇ 'ਚੋਂ ਲਾਸ਼ ਮਿਲੀ ਹੈ। ਮਿ੍ਤਕ ਦੀ ਪਛਾਣ (22) ਮੁੰਨਾ ਪੁੱਤਰ ਵਿੱਦਿਆ ਵਾਸੀ ਝਾਰਖੰਡ ਹਾਲ ਵਾਸੀ ਪਿੰਡ ਕਾਹਨਪੁਰ ਜਲੰਧਰ ਵਜੋਂ ਹੋਈ ਹੈ। ਥਾਣਾ ਮਕਸੂਦਾਂ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਜਦੋਂ ਉਹ ਪੁਲਿਸ ਸਮੇਤ ਪੁੱਜੇ ਤਫਤੀਸ਼ ਕਰਨ 'ਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਦੇਰ ਸ਼ਾਮ ਜਦ ਖਾਣਾ ਖਾਣ ਲਈ ਉਸ ਨੂੰ ਜਗਾਇਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮਜ਼ਦੂਰਾਂ ਨੇ ਤੁਰੰਤ ਫੈਕਟਰੀ ਮਾਲਕ ਨੂੰ ਸੂਚਿਤ ਕੀਤਾ ਤੇ ਫੈਕਟਰੀ ਮਾਲਕ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ।