ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਜ਼ਿਲ੍ਹਾ ਜਲੰਧਰ ਦੇ ਬਲਾਕ ਭੋਗਪੁਰ ਦੇ ਵਾਰਡ ਨੰਬਰ 1 ਵਿਖੇ ਸਥਿਤ ਗੁਰਦੁਆਰਾ ਅਕਾਲਗੜ ਸਾਹਿਬ ਵਿਖੇ ਮੋਨੇ ਵਿਅਕਤੀ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੀਤੀ ਸਾਜਿਸ਼ ਤੇ ਥਾਣਾ ਭੋਗਪੁਰ ਦੀ ਪੁਲਿਸ ਵੱਲੋ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਕੇਵਲ ਖਾਨਾਪੂਰਤੀ ਰਾਹੀ ਬੇਅਦਬੀ ਦੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਸਬੰਧੀ ਦੇਰ ਸ਼ਾਮ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਉਂਕਾਰ ਸਿੰਘ, ਸਤਿੰਦਰਪਾਲ ਸਿੰਘ ਸਿੱਧੂ, ਪਰਮਿੰਦਰ ਸਿੰਘ ਕਰਵਲ, ਹਰਪ੍ਰੀਤ ਸਿੰਘ ਸਿੱਧੂ ਤੇ ਭੋਗਪੁਰ ਦੀ ਸਿੱਖ ਸੰਗਤ ਵੱਲੋ ਭੋਗਪੁਰ ਪੁਲਿਸ ਦੀ ਢਿੱਲੀ ਕਾਰਗੁਜਾਰੀ ਤੇ ਬੇਅਦਬੀ ਕਰਨ ਵਾਲੇ ਨੌਜਵਾਨ ਦੀ ਸ਼ਨਾਖਤ ਨਾ ਕਰਨ ਤੇ ਥਾਣਾ ਭੋਗਪੁਰ ਨੂੰ ਘੇਰਿਆ ਗਿਆ।

ਇਸ ਸਬੰਧੀ ਗੱਲਬਾਤ ਕਰਦਿਆਂ ਸਿੱਖ ਸੰਗਤਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਤੋਂ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਅਣਪਛਾਤਾ ਸਾਬਤ ਕਰਕੇ ਉਸ ਉੱਪਰ ਮੁਕਦਮਾ ਦਰਜ ਕਰ ਲਿਆ ਗਿਆ ਹੈ ਤੇ ਬਿਨਾ ਕੋਈ ਪੁਛਗਿਛ ਕੀਤਿਆਂ ਉਸ ਦਾ ਮੈਡੀਕਲ ਕਰਵਾ ਕੇ ਉਸ ਨੂੰ ਆਦਲਤ ਵਿੱਚ ਪੇਸ਼ ਕਰ ਦਿੱਤਾ ਹੈ ਤੇ ਪੁਲਿਸ ਵੱਲੋ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਦਿਮਾਗੀ ਤੌਰ ਤੇ ਪਾਗਲ ਦੱਸਣ ਕਰਕੇ ਸਿੱਖ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਇਸ ਮਾਮਲੇ ਸਬੰਧੀ ਸਿੱਖ ਜਥੇਬੰਦੀਆਂ ਤੇ ਸਿੱਖ ਆਗੂਆਂ ਵੱਲੋ ਭੋਗਪੁਰ ਪੁਲਿਸ ਨੂੰ ਬੇਅਦਬੀ ਕਰਨ ਵਾਲੇ ਨੌਜਵਾਨ ਦੀ ਸ਼ਨਾਖਤ ਕਰਨ ਲਈ 16 ਅਗਸਤ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਤੇ ਉਹਨਾਂ ਕਿਹਾ ਕਿ ਜੇਕਰ ਪੁਲਿਸ ਉਕਤ ਨੌਜਵਾਨ ਦੀ ਸ਼ਨਾਖਤ ਕਰਨ ਵਿੱਚ ਅਸਫਲ ਸਾਬਿਤ ਹੁੰਦੀ ਹੈ ਤਾਂ ਥਾਣਾ ਭੋਗਪੁਰ ਦੇ ਬਾਹਰ ਅਣਮਿੱਥੇ ਸਮੇਂ ਲਈ ਸ਼ਾਂਤਮਈ ਧਰਨਾ ਪ੍ਰਦਰਸ਼ਨ ਲਗਾ ਕੇ ਵਾਹਿਗੁਰੂ ਦਾ ਜਾਪ ਕੀਤਾ ਜਾਵੇਗਾ । ਇਸ ਮੌਕੇ ਅਮਰਜੀਤ ਸਿੰਘ, ਤਰਲੋਚਨ ਸਿੰਘ, ਸੁਖਵਿੰਦਰ ਸਿੰਘ, ਬਿੱਕਰ ਸਿੰਘ, ਬਲਦੇਵ ਸਿੰਘ ਮਠਾਰੂ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਹਰਪ੍ਰੀਤ ਸਿੰਘ ਰਾਮਗੜੀਆ, ਜਗਦੀਪ ਸਿੰਘ, ਹਰਜੋਤ ਸਿੰਘ ਰਾਮਗੜੀਆ, ਰਮਨਦੀਪ ਸਿੰਘ, ਇੰਦਰਜੀਤ ਸਿੰਘ, ਸੁਖਦੀਪ ਸਿੰਘ, ਭਾਈ ਰਵਿੰਦਰ ਸਿੰਘ ਹੈਡ ਗ੍ਰੰਥੀ, ਗੁਰਦੀਪ ਸਿੰਘ ਸਿੱਧੂ ਸਮੇਤ ਇਲਾਕੇ ਦੀ ਸਿੱਖ ਸੰਗਤ ਮੌਜੂਦ ਸੀ ।

Posted By: Jaswinder Duhra