ਪੰਜਾਬੀ ਜਾਗਰਣ ਕੇਂਦਰ, ਜਲੰਧਰ : ਸਿਵਲ ਹਸਪਤਾਲ ਵਿਚ ਪ੍ਰਭਾਵਸ਼ਾਲੀ ਕੋਵਿਡ ਪ੍ਰਬੰਧਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਕਸੀਜਨ ਗੈਸ ਦੀ ਮੰਗ ਨੂੰ ਘੱਟ ਕਰਨ ਲਈ 25 ਆਕਸੀਜਨ ਕੰਨਸਨਟਰੇਟਰ ਮੰਗਵਾਏ ਗਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਮੰਗਲਵਾਰ ਨੂੰ ਪਹਿਲੇ 10 ਕੰਨਸਨਟਰੇਟਰਜ਼ ਪ੍ਰਰਾਪਤ ਹੋਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਜਲੰਧਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਕ ਗ਼ੈਰ ਸਰਕਾਰੀ ਸੰਗਠਨ ਗਿੱਲ ਫਾਊਂਡੇਸ਼ਨ ਵੱਲੋਂ ਰੈੱਡ ਕਰਾਸ ਸੁਸਾਇਟੀ ਨੂੰ ਕੋਵਿਡ -19 ਮਹਾਮਾਰੀ ਖ਼ਿਲਾਫ਼ ਲੜੀ ਜਾ ਰਹੀ ਜੰਗ ਵਿਚ ਯੋਗਦਾਨ ਵਜੋਂ ਦਾਨ ਦਿੱਤਾ ਗਿਆ ਸੀ, ਜਿਸ ਦੀ ਵਰਤੋਂ 25 ਆਕਸੀਜਨ ਕੰਨਸਨਟਰੇਟਰਜ਼ ਖ਼ਰੀਦ ਕੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 10 ਆਕਸੀਜਨ ਕੰਨਸਨਟਰੇਟਰਜ਼ ਪ੍ਰਰਾਪਤ ਹੋ ਗਏ ਹਨ ਜਦਕਿ ਬਾਕੀ ਮਸ਼ੀਨਰੀ ਦੀ ਸਪੁਰਦਗੀ ਪ੍ਰਗਤੀ ਅਧੀਨ ਹੈ। ਇਹ ਕੰਨਸਨਟਰੇਟਰ ਸਿਵਲ ਹਸਪਤਾਲ ਵਿਚ ਆਕਸੀਜਨ ਦੀ ਮੰਗ ਨੂੰ ਘੱਟ ਕਰਨਗੇ ਅਤੇ ਬਚਾਈ ਗਈ ਆਕਸੀਜਨ ਗੈਸ ਨੂੰ ਹੋਰ ਕੋਵਿਡ ਕੇਅਰ ਸੰਸਥਾਵਾਂ ਵਿਚ ਭੇਜਿਆ ਜਾਵੇਗਾ। ਉਨ੍ਹਾਂ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਉਣ ਵਾਸਤੇ ਅੱਗੇ ਆਉਣ ਲਈ ਗਿੱਲ ਫਾਊਂਡੇਸ਼ਨ ਦੇ ਸਰਪ੍ਰਸਤ ਰਾਜ ਗਿੱਲ ਦੀ ਸ਼ਲਾਘਾ ਕੀਤੀ। ਜਦੋਂ ਅਜਿਹੇ ਸੰਕਟਾਂ ਵਿਰੁੱਧ ਸਮੂਹਿਕ ਕੋਸ਼ਿਸ਼ਾਂ ਦੀ ਗੱਲ ਆਉਂਦੀ ਹੈ ਤਾਂ ਅਜਿਹੇ ਦਾਨੀ ਸੱਜਣਾਂ ਦੇ ਯਤਨ ਬੇਹੱਦ ਸਹਾਇਕ ਸਾਬਤ ਹੁੰਦੇ ਹਨ।

ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਜੀਵਨ ਰੱਖਿਅਕ ਗੈਸ ਦੀ ਸਰਬਉੱਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਮੁੱਚੇ ਹਸਪਤਾਲਾਂ ਵਿਚ ਆਕਸੀਜਨ ਆਡਿਟ ਸਮੇਤ ਕਈ ਉਪਾਅ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਹਸਪਤਾਲਾਂ ਤੇ ਉਦਯੋਗਾਂ ਨੂੰ ਪੀਐੱਸਏ ਅਧਾਰਤ ਪਲਾਂਟ ਲਗਾਉਣ ਦੀ ਅਪੀਲ ਕਰਨ ਤੋਂ ਇਲਾਵਾ ਆਕਸੀਜਨ ਕੰਨਸਨਟਰੇਟਰ ਖ਼ਰੀਦਣ ਲਈ ਵੀ ਕਿਹਾ ਗਿਆ ਹੈ। ਇਨ੍ਹਾਂ ਕਦਮਾਂ ਨਾਲ ਜ਼ਿਲ੍ਹੇ ਭਰ ਵਿਚ ਕੋਵਿਡ ਕੇਅਰ ਮੈਨੇਜਮੈਂਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿਚ ਬਹੁਤ ਮਦਦ ਮਿਲੀ ਹੈ।