ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਪੰਜਾਬ 'ਚ ਬੇਰੁਜ਼ਗਾਰੀ ਦੀ ਦਲ-ਦਲ 'ਚੋਂ ਬਾਹਰ ਨਿਕਲਣ ਲਈ ਨੌਜਵਾਨ ਪੀੜ੍ਹੀ ਦਿਨ-ਬ-ਦਿਨ ਵਿਦੇਸ਼ ਜਾ ਕੇ ਆਪਣੇ ਸੁਨਹਿਰੀ ਸੁਪਨੇ ਪੂਰੇ ਕਰਨ ਵਿਚ ਲੱਗੀ ਹੈ ਪਰ ਨੌਜਵਾਨਾਂ ਦੇ ਇਨ੍ਹਾਂ ਸੁਪਨਿਆਂ ਦਾ ਫਾਇਦਾ ਪੰਜਾਬ ਦੇ ਕੁਝ ਠੱਗ ਟ੍ਰੈਵਲ ਏਜੰਟ ਉਠਾ ਰਹੇ ਹਨ। ਇਹ ਟ੍ਰੈਵਲ ਏਜੰਟ ਨੌਜਵਾਨਾਂ ਨੂੰ ਗ਼ਲਤ ਤਰੀਕੇ ਨਾਲ ਵਿਦੇਸ਼ ਭੇਜ ਕੇ ਖੁਦ ਤਾਂ ਪੈਸੇ ਕਮਾ ਲੈਂਦੇ ਹਨ ਪਰ ਨੌਜਵਾਨ ਵਿਦੇਸ਼ਾਂ ਵਿਚ ਫੱਸ ਕੇ ਰਹਿ ਜਾਂਦੇ ਹਨ।

ਇਕ ਅਜਿਹਾ ਹੀ ਮਾਮਲਾ ਜ਼ਿਲ੍ਹਾ ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਚਾਹੜਕੇ ਦੇ ਰਹਿਣ ਵਾਲੇ ਨੌਜਵਾਨ ਦਾ ਸਾਹਮਣੇ ਆਇਆ। ਪਿੰਡ ਚਾਹੜਕੇ ਦੇ ਕਿਸਾਨ ਅਮਰਜੀਤ ਸਿੰਘ ਭੰਗੂ ਨੇ ਦੱਸਿਆ ਕਿ ਸੰਗਰੂਰ ਤੋਂ ਸੰਸਦ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੇ ਯਤਨਾਂ ਸਦਕਾ ਮਨਪ੍ਰਰੀਤ ਸਿੰਘ ਉਰਫ ਮਨੀ ਪੁੱਤਰ ਬਲਦੇਵ ਸਿੰਘ ਪਿੰਡ ਚਾਹੜਕੇ 4 ਸਾਲ ਦੇ ਲੰਮੇ ਵਕਫੇ ਤੋਂ ਬਾਅਦ ਯੂਕਰੇਨ ਦੀ ਜੇਲ੍ਹ ਵਿਚੋਂ ਰਿਹਾਅ ਹੋ ਕੇ ਵਾਪਸ ਆਇਆ। ਮਨਪ੍ਰਰੀਤ ਸਿੰਘ ਰੁਜ਼ਗਾਰ ਦੀ ਭਾਲ ਵਿਚ ਸੀ। ਉਸ ਨੂੰ ਟ੍ਰੈਵਲ ਏਜੰਟ ਵੱਲੋਂ ਆਪਣੇ ਝਾਂਸੇ ਵਿਚ ਲੈ ਕੇ 11 ਲੱਖ ਰੁਪਏ ਵਿਚ ਆਸਟ੍ਰੀਆ ਭੇਜਣ ਦਾ ਵਾਅਦਾ ਕੀਤਾ ਤੇ ਪਰਿਵਾਰ ਵੱਲੋਂ ਸੀਮਤ ਸਾਧਨ ਹੋਣ ਦੇ ਬਾਵਜੂਦ ਪੈਸਿਆਂ ਦਾ ਪ੍ਰਬੰਧ ਕਰ ਕੇ ਮਨਪ੍ਰਰੀਤ ਸਿੰਘ ਨੂੰ ਬਾਹਰ ਭੇਜ ਦਿੱਤਾ ਗਿਆ ਪਰ ਯੂਕਰੇਨ ਵਿਚ ਪਾਸਪੋਰਟ ਬਦਲੀ ਕਰਨ ਤੇ ਧੋਖਾਧੜੀ ਦੇ ਮਾਮਲੇ ਵਿਚ ਪੁਲਿਸ ਵੱਲੋਂ ਮਨਪ੍ਰਰੀਤ ਨੂੰ ਗਿ੍ਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਭੋਗਪੁਰ ਸ਼ਹਿਰ ਦੇ ਇਕ ਵਿਅਕਤੀ ਨੇ ਪਰਿਵਾਰ ਨਾਲ ਗੱਲਬਾਤ ਕਰ ਕੇ ਮਨਪ੍ਰਰੀਤ ਨੂੰ ਯੂਕਰੇਨ ਦੀ ਜੇਲ੍ਹ ਵਿਚੋਂ ਬਾਹਰ ਕਢਵਾਉਣ ਲਈ 3 ਲੱਖ 70 ਹਜ਼ਾਰ ਰੁਪਏ ਲੈ ਲਏ ਤੇ ਫਿਰ ਵੀ ਮਨਪ੍ਰਰੀਤ ਉਥੇ ਫਸਿਆ ਰਿਹਾ। ਅਮਰਜੀਤ ਭੰਗੂ ਤੇ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਕਾਂਗਰਸ ਤੇ ਹੋਰ ਪਾਰਟੀਆਂ ਦੇ ਆਗੂਆਂ ਵੱਲੋਂ ਨੌਜਵਾਨ ਨੂੰ ਬਚਾਉਣ ਲਈ ਉਨ੍ਹਾਂ ਦੀ ਗੱਲ ਸੂਬਾ ਸਰਕਾਰ ਜਾਂ ਸੰਸਦ ਮੈਂਬਰਾਂ ਰਾਹੀਂ ਵਿਦੇਸ਼ ਮੰਤਰਾਲੇ ਤਕ ਪਹੁੰਚਾਉਣ ਲਈ ਪਿਛਲੇ 4 ਸਾਲਾਂ ਤੋਂ ਲਗਾਤਾਰ ਲਾਰੇ ਲਾਏ ਜਾਂਦੇ ਰਹੇ। ਇਸ ਦੌਰਾਨ ਜੈਵਿਕ ਖੇਤੀ ਮਾਹਰ ਅਮਰਜੀਤ ਸਿੰਘ ਭੰਗੂ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਤਕ ਅਰਜ਼ੀ ਪਹੁੰਚਾਈ। ਭਗਵੰਤ ਮਾਨ ਨੇ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕੀਤੀ ਤੇ ਯੂਕਰੇਨ ਦੀ ਅੰਬੈਸੀ ਨੂੰ ਨੌਜਵਾਨ ਦੀ ਫ਼ਾਇਲ ਭੇਜੀ ਗਈ। ਸੰਸਦ ਮੈਂਬਰ ਭਗਵੰਤ ਮਾਨ ਦੇ ਯਤਨਾਂ ਸਦਕਾ 4 ਸਾਲਾਂ ਬਾਅਦ ਨੌਜਵਾਨ ਵਾਪਸ ਆਪਣੇ ਘਰ ਪਰਤ ਆਇਆ ਹੈ। ਨੌਜਵਾਨ ਦੀ ਵਾਪਸੀ 'ਤੇ ਅਮਰਜੀਤ ਸਿੰਘ ਭੰਗੂ, ਪਿਤਾ ਬਲਦੇਵ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ, ਉੱਥੇ ਹੀ ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਠੱਗ ਟ੍ਰੈਵਲ ਏਜੰਟ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।