ਮਦਨ ਭਾਰਦਵਾਜ, ਜਲੰਧਰ

ਸ਼ਹਿਰ ਦੇ ਲੋਕਾਂ ਨੂੰ 24 ਘੰਟੇ ਵਾਟਰ ਸਪਲਾਈ ਦੇਣ ਲਈ ਸਰਫੇਸ ਵਾਟਰ ਸਿਸਟਮ ਪ੍ਰਰਾਜੈਕਟ ਦੇ 572 ਕਰੋੜ ਦੇ ਟੈਂਡਰ ਨੂੰ ਮਨਜ਼ੂਰ ਕਰ ਲਿਆ ਗਿਆ ਹੈ ਅਤੇ ਇਹ ਟੈਂਡਰ ਐੱਲ ਅਂੈਂਡ ਟੀ ਕੰਪਨੀ ਵੱਲੋਂ ਪਾਇਆ ਗਿਆ ਸੀ ਅਤੇ ਉਸ ਨੇ 8 ਫੀਸਦੀ ਲੈੱਸ ਵੀ ਦਿੱਤਾ ਹੈ ਅਤੇ ਕੱੁਲ ਮਿਲਾ ਕੇ ਉਕਤ ਟੈਂਡਰ 525 ਕਰੋੜ ਦਾ ਹੈ ਜਿਹੜਾ ਕਿ ਬਾਕੀ ਕੰਪਨੀਆਂ ਨਾਲੋਂ ਘੱਟ ਰੇਟ ਦਾ ਪਾਇਆ ਗਿਆ। ਮੇਅਰ ਦੇ ਓਐੱਸਡੀ ਹਰਪ੍ਰਰੀਤ ਸਿੰਘ ਵਾਲੀਆ ਵੱਲੋਂ ਜਾਰੀ ਕੀਤੇ ਗਏ ਪ੍ਰਰੈੱਸ ਨੋਟ ਵਿਚ ਕਿਹਾ ਗਿਆ ਹੈ ਕਿ ਮੇਅਰ ਜਗਦੀਸ਼ ਰਾਜਾ ਨੇ ਕਿਹਾ ਹੈ ਕਿ ਉਕਤ ਪ੍ਰਰਾਜੈਕਟ ਜੋ ਕਿ 800 ਕਰੋੜ ਰੁਪਏ ਦਾ ਹੈ ਜਿਸ ਵਿਚੋਂ ਉਕਤ ਕੰਪਨੀ ਨੂੰ 572 ਕਰੋੜ ਦਾ ਠੇਕਾ ਦਿੱਤਾ ਗਿਆ ਹੈ ਜਦੋਂਕਿ ਬਾਕੀ 268 ਕਰੋੜ ਰੁਪਏ ਜ਼ਮੀਨ ਦੀ ਖਰੀਦ ਅਤੇ ਹੋਰ ਕੰਮਾਂ ਲਈ ਖਰਚ ਕੀਤੇ ਜਾਣਗੇ। ਮੇਅਰ ਨੇ ਕਿਹਾ ਹੈ ਕਿ ਹੁਣ ਕਿਉਂਕਿ ਟੈਂਡਰ ਮਨਜ਼ੂਰ ਹੋ ਗਿਆ ਹੈ ਅਤੇ ਐੱਲ ਐਂਡ ਟੀ ਕੰਪਨੀ ਨੂੰ ਵਰਕ ਆਰਡਰ ਦੇਣ ਤੋਂ ਪਹਿਲਾਂ ਸਟੇਟ ਲੈਵਲ ਤਕਨੀਕੀ ਕਮੇਟੀ ਨੂੰ ਟੈਂਡਰ ਮਨਜ਼ੂਰੀ ਲਈ ਭੇਜਿਆ ਜਾਏਗਾ ਅਤੇ ਉਸ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਕਤ ਕੰਪਨੀ ਕੰਮ ਸ਼ੁਰੂ ਕਰ ਸਕੇਗੀ। ਉਕਤ ਕੰਪਨੀ ਜਿੱਥੇ ਵਾਟਰ ਟਰੀਟਮੈਂਟ ਪਲਾਂਟ ਲਗਾਏਗੀ, ਉਥੇ ਉਹ ਡਿਸਟਰੀਬਿਊਸ਼ਨ ਲਾਈਨ ਵਿਛਾਉਣ ਦਾ ਕੰਮ ਕਰੇਗੀ, ਅੰਡਰ ਗਰਾਉਂਡ ਵਾਟਰ ਟੈਂਕ ਬਣਾਏਗੀ। ਇਸ ਸਭ ਕੰਮ ਹੋਣ ਤੋਂ ਬਾਅਦ ਇਸ ਦੇ ਰੱਖ-ਰਖਾਵ ਦਾ ਕੰਮ ਓ ਐਂਡ ਐੱਮ ਨੂੰ 10 ਸਾਲਾਂ ਲਈ ਦਿੱਤਾ ਜਾਏਗਾ।

ਇਸ ਦੌਰਾਨ ਮੇਅਰ ਨੇ ਕਿਹਾ ਹੈ ਕਿ ਉਕਤ ਪ੍ਰਰਾਜੈਕਟ ਦਾ ਕੰਮ ਠੇਕਾ ਲੈਣ ਵਾਲੀ ਕੰਪਨੀ 3 ਸਾਲਾਂ ਅਰਥਾਤ 2023 ਤਕ ਪੂਰਾ ਕਰੇਗੀ। ਇਸ ਦੌਰਾਨ ਉਕਤ ਪ੍ਰਰਾਜੈਕਟ ਲਈ 800 ਕਰੋੜ ਵਿਚੋਂ ਬਚੇ 228 ਕਰੋੜ ਰੁਪਏ ਵਿਚੋਂ 100 ਏਕੜ ਜ਼ਮੀਨ ਦੀ ਖਰੀਦ ਆਦਮਪੁਰ ਇਲਾਕੇ ਵਿਚ ਕਰਨੀ ਹੈ ਜਿਥੋਂ ਉਕਤ ਪ੍ਰਰਾਜੈਕਟ ਦੀ ਸ਼ੁਰੂਆਤ ਹੋਣੀ ਹੈ ਕਿ ਉਕਤ ਪ੍ਰਰਾਜੈਕਟ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਵਾਟਰ ਟਰੀਟਮੈਂਟ ਪਲਾਂਟ, ਡਿਸਟਰੀਬਿਊਸ਼ਨ ਪਾਈਪ ਲਾਈਨ ਪਾਉਣ ਅਤੇ ਵਾਟਰ ਟੈਂਕ ਬਣਾਉਣਾ ਹੋਵੇਗਾ।

ਮੇਅਰ ਨੇ ਕਿਹਾ ਹੈ ਕਿ ਉਕਤ ਪ੍ਰਰਾਜੈਕਟ ਦੇ ਲੱਗਣ ਕਾਰਨ ਜਿੱਥੇ ਜ਼ਮੀਨ ਹੇਠਲੇ ਪਾਣੀ ਦਾ ਡਿੱਗਦਾ ਪੱਧਰ ਠੀਕ ਹੋਵੇਗਾ, ਉਥੇ ਲੋਕਾਂ ਨੂੰ 24 ਘੰਟੇ ਪਾਣੀ ਦੀ ਨਿਰਵਿਘਨ ਸਪਲਾਈ ਮਿਲਦੀ ਰਹੇਗੀ ਅਤੇ ਪਾਣੀ ਦੀ ਘਾਟ ਦਾ ਗਰਮੀਆਂ ਦਾ ਸੰਕਟ ਵੀ ਦੂਰ ਹੋ ਜਾਏਗਾ।

ਸਰਫੇਸ ਵਾਟਰ ਸਿਸਟਮ ਪ੍ਰਰਾਜੈਕਟ ਲਈ ਏਸ਼ੀਅਨ ਡਿਵੈੱਲਪਮੈਂਟ ਬੈਂਕ ਨੇ 800 ਕਰੋੜ ਦਾ ਕਰਜ਼ਾ ਮਨਜ਼ੂਰ ਕੀਤਾ ਹੈ ਅਤੇ ਉਕਤ ਪ੍ਰਰਾਜੈਕਟ 'ਤੇ ਹੋਣ ਵਾਲਾ 800 ਕਰੋੜ ਦਾ ਕਰਜ਼ਾ ਪ੍ਰਰਾਜੈਕਟ ਦੇ ਪੂਰਾ ਹੋਣ ਅਤੇ ਇਸ ਦੇ ਪਾਣੀ ਦੀ ਸਪਲਾਈ ਸ਼ੁਰੂ ਹੋਣ ਦੇ ਬਾਅਦ ਵਸੂਲੀ ਸ਼ੁਰੂ ਕਰੇਗਾ।

ਉਕਤ ਪ੍ਰਰਾਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਏਸ਼ੀਅਨ ਬੈਂਕ ਨੇ ਨਗਰ ਨਿਗਮ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਇਕ ਟੀਮ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦਾ ਦੌਰਾ ਕਰਾਇਆ ਸੀ ਜਿਥੇ ਉਕਤ ਪ੍ਰਰਾਜੈਕਟ ਦਾ ਸਿਸਟਮ ਦਿਖਾਇਆ ਗਿਆ ਸੀ। ਉਕਤ ਪ੍ਰਰਾਜੈਕਟ ਵਿਚ ਦਰਿਆਵਾਂ ਦਾ ਪਾਣੀ ਕਿਸ ਤਰ੍ਹਾਂ ਇਕੱਠਾ ਕਰਕੇ ਉਸ ਨੂੰ ਟਰੀਟਮੈਂਟ ਪਲਾਂਟਾਂ ਵਿਚ ਸਾਫ ਕਰਕੇ ਲੋਕਾਂ ਨੂੰ ਸਪਲਾਈ ਕਰਨ ਦਾ ਤਰੀਕਾ ਵੀ ਦਿਖਾਇਆ ਗਿਆ ਸੀ। ਉਕਤ ਅਧਿਕਾਰੀ 3 ਦਿਨ ਢਾਕਾ ਦਾ ਦੌਰਾ ਕਰਨ ਦੇ ਬਾਅਦ ਪਰਤ ਆਏ ਸਨ ਅਤੇ ਉਨ੍ਹਾਂ ਨੇ ਵੀ ਬੰਗਲਾਦੇਸ਼ ਦੀ ਤਰ੍ਹਾਂ ਹੀ ਪ੍ਰਰਾਜੈਕਟ ਦਾ ਕੰਮ ਕਰਨ ਦਾ ਤਰੀਕਾ ਅਪਣਾਉਣ ਦਾ ਮਨ ਬਣਾਇਆ ਸੀ।

ਉਕਤ ਪ੍ਰਰਾਜੈਕਟ ਆਦਮਪੁਰ ਦੇ ਜਗਰਾਵਾਂ ਪਿੰਡ ਤੋਂ ਸ਼ੁਰੂ ਕੀਤਾ ਜਾਏਗਾ ਜਿਥੋਂ ਬਿਸਤ ਦੋਆਬ ਨਹਿਰ ਦਾ ਵਾਟਰ ਵਰਕਸ ਹੈ ਅਤੇ ਉਥੇ ਹੀ ਜ਼ਮੀਨ ਲੈ ਕੇ ਸਰਕਾਰ ਉਕਤ ਕੰਪਨੀ ਨੂੰ ਕੰਮ ਸ਼ੁਰੂ ਕਰਨ ਲਈ ਵਰਕ ਆਰਡਰ ਜਾਰੀ ਕਰੇਗੀ। ਇਸ ਤੋਂ ਪਹਿਲਾਂ ਉਕਤ ਪ੍ਰਰਾਜੈਕਟ ਬਿਆਸ ਦਰਿਆ ਦਾ ਪਾਣੀ ਲੈ ਕੇ ਸ਼ੁਰੂ ਕਰਨ ਦਾ ਫੈਸਲਾ ਕਰਕੇ ਵਿਦੇਸ਼ੀ ਕੰਪਨੀ ਤੋਂ ਸਰਵੇਖਣ ਵੀ ਕਰਾਇਆ ਸੀ ਪਰ ਬਾਅਦ ਵਿਚ ਬਿਆਸ ਤੇ ਜਲੰਧਰ ਦਾ 40 ਕਿਲੋਮੀਟਰ ਦਾ ਲੰਮਾ ਰਸਤਾ ਹੋਣ ਕਾਰਨ ਉਕਤ ਦਰਿਆ ਤੋਂ ਪਾਣੀ ਲੈਣ ਦਾ ਕੰਮ ਰੱਦ ਕਰ ਦਿੱਤਾ ਗਿਆ ਸੀ।

ਵਾਟਰ ਮੀਟਰ ਸਿਸਟਮ ਵੀ ਸ਼ੁਰੂ ਕਰਨਾ ਹੋਵੇਗਾ ਨਿਗਮ ਨੂੰ

ਏਸ਼ੀਅਨ ਡਿਵੈੱਲਪਮੈਂਟ ਬੈਂਕ ਨੂੰ 800 ਕਰੋੜ ਦੇ ਕਰਜ਼ੇ ਦੀ ਵਾਪਸੀ ਲਈ ਨਗਰ ਨਿਗਮ ਨੂੰ ਇਸ ਤੋਂ ਪਹਿਲਾਂ ਸ਼ਹਿਰ ਵਿਚ ਵਾਟਰ ਮੀਟਰ ਸਿਸਟਮ ਸ਼ੁਰੂ ਕਰਨਾ ਹੋਵੇਗਾ ਅਤੇ ਉਸ ਨੂੰ ਘਰੇਲੂ ਅਤੇ ਵਪਾਰਕ ਅਦਾਰਿਆਂ ਦੇ ਮੀਟਰ ਸਿਸਟਮ ਲਾਗੂ ਕਰਨ ਦੇ ਬਾਅਦ ਪਾਣੀ ਦੀਆਂ ਦਰਾਂ ਵੀ ਨਿਰਧਾਰਤ ਕਰਕੇ ਲਾਗੂ ਕਰਨੀਆਂ ਹੋਣਗੀਆਂ। ਇਸ ਬਾਰੇ ਸਰਵੇਖਣ ਵੀ ਲਗਪਗ ਪੂਰਾ ਹੋ ਚੁੱਕਾ ਹੈ।